ਨਿੱਜੀ ਪੱਤਰ ਪ੍ਰੇਰਕ
ਮੋਗਾ, 4 ਜੁਲਾਈ
ਇੱਥੇ ਵੈਸਟਰਨ ਯੂਨੀਅਨ ਮਨੀਗ੍ਰਾਮ ਵਿਚ ਕੰਮ ਕਰਦੀ ਇਕ ਮੁਟਿਆਰ ਨੇ ਕੰਮ ਤੋਂ ਹਟਾਏ ਗਏ ਸਾਥੀ ਕਾਮੇ ਨਾਲ ਮਿਲ ਕੇ ਪੈਸਿਆਂ ਦੀ ਲੁੱਟ ਦਾ ਡਰਾਮਾ ਕੀਤਾ ਪਰ ਪੁਲੀਸ ਦੀ ਪੁੱਛਗਿੱਛ ’ਤੇ ਉਸ ਨੇ ਸਾਰੀ ਕਹਾਣੀ ਦੱਸ ਦਿੱਤੀ। ਸਿਟੀ ਪੁਲੀਸ ਨੇ ਮੁਟਿਆਰ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 2.13 ਲੱਖ ਰੁਪਏ ਨਕਦੀ ਬਰਾਮਦ ਕੀਤੀ ਹੈ।
ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਜਵਾਹਰ ਨਗਰ ਦਾ ਵਸਨੀਕ ਇਕ ਵਿਅਕਤੀ ਵੈਸਟਰਨ ਯੂਨੀਅਨ ਮਨੀਗ੍ਰਾਮ ਦਾ ਕੰਮ ਕਰਦਾ ਹੈ। ਉਸ ਨੇ ਬੈਂਕ ’ਚ ਰਾਸ਼ੀ ਜਮ੍ਹਾਂ ਕਰਵਾਉਣ ਤੇ ਹੋਰ ਕੰਮਕਾਰ ਲਈ ਅਮਨਪ੍ਰੀਤ ਕੌਰ ਅਤੇ ਅਮਨਦੀਪ ਸਿੰਘ ਪਿੰਡ ਦਾਇਆ ਕਲਾਂ ਨੂੰ ਰੱਖਿਆ ਹੋਇਆ ਸੀ। ਲੌਕਡਾਊਨ ਕਾਰਨ ਅਮਨਦੀਪ ਸਿੰਘ ਨੂੰ ਹਟਾ ਦਿੱਤਾ ਗਿਆ ਤਾਂ ਉਸ ਨੇ ਅਮਨਪ੍ਰੀਤ ਨਾਲ ਮਿਲ ਕੇ ਪੈਸੇ ਖੋਹੇ ਜਾਣ ਦਾ ਡਰਾਮਾ ਕਰਨ ਦੀ ਸਾਜ਼ਿਸ਼ ਤਿਆਰ ਕੀਤੀ। ਬੀਤੀ ਸ਼ਾਮ ਅਮਨਪ੍ਰੀਤ ਕੌਰ 2.13 ਲੱਖ ਰੁਪਏ ਦੀ ਨਕਦੀ ਦੁਕਾਨ ਦੇ ਮਾਲਕ ਨੂੰ ਉਸ ਦੇ ਘਰ ਦੇਣ ਜਾ ਰਹੀ ਸੀ ਤਾਂ ਪਹਿਲਾਂ ਬਣਾਈ ਸਾਜ਼ਿਸ਼ ਤਹਿਤ ਅਮਨਦੀਪ ਸਿੰਘ ਅਤੇ ਪਰਵਿੰਦਰ ਸਿੰਘ ਉਰਫ਼ ਪ੍ਰਿੰਸ ਪਿੰਡ ਤਲਵੰਡੀ ਮੱਲੀਆਂ ਉਸ ਤੋਂ ਕੈਸ਼ ਬੈਗ ਖੋਹ ਲਿਆ ਤੇ ਫ਼ਰਾਰ ਹੋ ਗਏ।
ਜਾਂਚ ਅਧਿਕਾਰੀ ਏਐੱਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਪੁੱਛਗਿੱਛ ਮਗਰੋਂ ਅਮਨਪ੍ਰੀਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸਐੱਸਪੀ ਦੀ ਰਿਹਾਇਸ਼ ਨੇੜੇ ਹੋਈ ਵਾਰਦਾਤ ਕਾਰਨ ਸੀਨੀਅਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ 2.13 ਲੱਖ ਨਕਦੀ ਅਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਪਿਕ-ਅੱਪ ਲੁੱਟਣ ਦੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਪੁਲੀਸ ਨੇ ਹਥਿਆਰਾਂ ਦੀ ਨੋਕ ’ਤੇ ਅੰਬਾਂ ਦੀ ਭਰੀ ਪਿੱਕ ਅੱਪ ਗੱਡੀ, 39 ਹਜ਼ਾਰ ਰੁਪਏ ਅਤੇ ਮੋਬਾਈਲ ਲੁੱਟਣ ਵਾਲੇ ਦਸ ਸਾਲਾ ਸਖ਼ਾ ਯਾਫ਼ਤਾ ਮੁਜਰਿਮ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਜਬਰ ਜਨਾਹ ਮਾਮਲੇ ‘ਚ ਸਜ਼ਾ ਯਾਫ਼ਤਾ ਰਘੁਵੀਰ ਸਿੰਘ ਘਿਰੀ ਵੀ ਸ਼ਾਮਲ ਹੈ, ਜੋ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਹੈ। ਸੀ.ਆਈ.ਏ ਕਾਲਾਂਵਾਲੀ, ਸੀ.ਆਈ.ਏ. ਡੱਬਵਾਲੀ ਅਤੇ ਥਾਣਾ ਸਦਰ ਡੱਬਵਾਲੀ ਦੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਹਾਕੂਵਾਲਾ ਤੋਂ ਕਾਬੂ ਕੀਤਾ ਹੈ। ਡੀ.ਐੱਸ.ਪੀ ਕੁਲਦੀਪ ਸਿੰਘ ਬੈਨੀਵਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਘੁਵੀਰ ਸਿੰਘ ਘਿਰੀ, ਕੁਲਵਿੰਦਰ ਉਰਫ ਗਿਆਨੀ ਵਾਸੀ ਭੁੱਲਰਵਾਲਾ ਅਤੇ ਸੁਖਮਣ ਸਿੰਘ ਵਾਸੀ ਮਿੱਡੂਖੇੜਾ ਵਜੋਂ ਹੋਈ ਹੈ। ਪਿੱਕ-ਅੱਪ ਗੱਡੀ, ਵਾਰਦਾਤ ਲਈ ਵਰਤਿਆ ਨਾਜਾਇਜ਼ ਪਿਸਤੌਲ ਬਰਾਮਦ ਕਰ ਲਿਆ ਹੈ।