ਨਵਕਿਰਨ ਸਿੰਘ
ਮਹਿਲ ਕਲਾਂ, 22 ਜੂਨ
ਪੰਜਾਬ ਸਰਕਾਰ ਵੱਲੋਂ ਡਰੇਨ ਦੀ ਸਫਾਈ ਦਾ ਕੰਮ ਮਗਨਰੇਗਾ ਮਜਦੂਰਾਂ ਤੋਂ ਕਰਵਾਉਣ ਦੀ ਬਜਾਏ ਜੇਸੀਬੀ ਮਸ਼ੀਨ ਰਾਹੀਂ ਕਰਵਾਉਣ ਤੋਂ ਭੜਕੇ ਮਜ਼ਦੂਰਾਂ ਵੱਲੋਂ ਪਿੰਡ ਰਾਏਸਰ ਵਿਖੇ ਜੇਸੀਬੀ ਮਸ਼ੀਨ ਦਾ ਘਿਰਾਓ ਕੀਤਾ। ਤਿੰਨ ਮਜਦ਼ੂਰ ਜਥੇਬੰਦੀਆਂ ਦੀ ਅਗਵਾਈ ਹੇਠ ਮਸ਼ੀਨ ਰੋਕ ਕੇ ਦੋਵੇਂ ਪਿੰਡਾਂ ਰਾਏਸਰ ਪੰਜਾਬ ਤੇ ਰਾਏਸਰ ਪਟਿਆਲਾ ਦੇ ਮਜਦ਼ੂਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮਗਨਰੇਗਾ ਮਜ਼ਦੂਰ ਤਾਂ ਘਰਾਂ ਵਿੱਚ ਵਿਹਲੇ ਬੈਠੇ ਹਨ ਤੇ ਸਫਾਈ ਦਾ ਕੰਮ ਮਸ਼ੀਨਾਂ ਕਰ ਰਹੀਆਂ ਹਨ। ਮਜ਼ਦੂਰਾਂ ਨੇ ਪੰਜਾਬ ਸਰਕਾਰ, ਜਿ਼ਲ੍ਹਾ ਪ੍ਰਸ਼ਾਸਨ ਤੇ ਡਰੇਨ ਵਿਭਾਗ ’ਤੇ ਬੇਲੋੜੇ ਮਸ਼ੀਨੀਕਰਨ ਨਾਲ ਰੁਜ਼ਗਾਰ ਖੋਹਣ ਦੇ ਦੋਸ਼ ਲਗਾਏ।
ਮਜ਼ਦੂਰ ਆਗੂਆਂ ਭੋਲਾ ਸਿੰਘ ਕਲਾਲ ਮਾਜਰਾ, ਗੁਰਪ੍ਰੀਤ ਸਿੰਘ ਰੂੜੇਕੇ, ਖੁਸ਼ੀਆ ਸਿੰਘ ਬਰਨਾਲਾ ਤੇ ਸਾਧੂ ਸਿੰਘ ਛੀਨੀਵਾਲ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨੇ ਤੋਂ ਅਫਸਰਸ਼ਾਹੀ ਨੂੰ ਚਿਤਾਵਨੀ ਦਿੰਦੇ ਆ ਰਹੇ ਹਨ ਕਿ ਡਰੇਨਾਂ ਦੀ ਸਫਾਈ ਦਾ ਕੰਮ ਮਨਰੇਗਾ ਤਹਿਤ ਮਜ਼ਦੂਰਾਂ ਤੋਂ ਕਰਵਾਇਆ ਜਾਵੇ ਪਰ ਅਫਸਰਸ਼ਾਹੀ ਨੇ ਘਰਾਂ ਵਿੱਚ ਵਿਹਲੇ ਬੈਠੇ ਮਜ਼ਦੂਰਾਂ ਨੂੰ ਸਫਾਈ ਦਾ ਕੰਮ ਦੇਣ ਦੀ ਬਜਾਏ ਜੇਸੀਬੀ ਮਸ਼ੀਨਾਂ ਲਗਾ ਦਿੱਤੀਆਂ ਹਨ। ਇਸ ਮੌਕੇ ਮਜਦੂਰ ਆਗੂਆਂ ਨੇ ਕਿਹਾ ਕਿ ਉਹ ਮਹਿੰਗਾਈ ਦੇ ਹਿਸਾਬ ਨਾਲ 100 ਦਿਨ ਦੀ ਥਾਂ ਪੂਰਾ ਸਾਲ 700 ਰੁਪਏ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ ਰੁਜ਼ਗਾਰ ਦੇਣ ਲਈ ਸੰਘਰਸ਼ ਕਰ ਰਹੇ ਹਨ ਪਰ ਅਫਸਰਸ਼ਾਹੀ 100 ਦਿਨ ਦਾ ਰੁਜ਼ਗਾਰ ਦੇਣ ਤੋਂ ਵੀ ਭੱਜ ਰਹੀ ਹੈ ਤੇ ਮਸ਼ੀਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਮਜ਼ਦੂਰਾਂ ਨੇ ਕਿਹਾ ਕਿ ਇਸ ਵਾਰ ਝੋਨੇ ਦੀ ਲਵਾਈ ਦਾ ਜ਼ਿਆਦਾਤਰ ਕੰਮ ਵੀ ਸਥਾਨਕ ਮਜ਼ਦੂਰਾਂ ਦੀ ਬਜਾਏ ਪ੍ਰਵਾਸੀ ਮਜ਼ਦੂਰਾਂ ਨੂੰ ਮਿਲਿਆ ਹੈ ਜਿਸ ਕਾਰਨ ਉਹ ਘਰਾਂ ਵਿੱਚ ਵਿਹਲੇ ਬੈਠੇ ਹਨ ਤੇ ਮਨਰੇਗਾ ਹੀ ਰੁਜ਼ਗਾਰ ਦਾ ਇੱਕਮਾਤਰ ਸਹਾਰਾ ਹੈ। ਮਜ਼ਦੂਰਾਂ ਨੇ ਸਰਕਾਰ/ਜ਼ਿਲ੍ਹਾ ਪ੍ਰਸ਼ਾਸਨ/ਡਰੇਨ ਵਿਭਾਗ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੁਬਾਰਾ ਜੇਸੀਬੀ ਨਾਲ ਸਫਾਈ ਕਰਕੇ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸਖਤ ਵਿਰੋਧ ਕਰਨਗੇ ਤੇ ਫਿਰ ਜੇਕਰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਕੁਲਦੀਪ ਸਿੰਘ,ਗੁਰਜੰਟ ਸਿੰਘ, ਕਰਨੈਲ ਸਿੰਘ, ਭੋਲਾ ਸਿੰਘ, ਪਿਆਰਾ ਸਿੰਘ, ਕਿਰਨਜੀਤ ਕੌਰ, ਬਲਜਿੰਦਰ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।