ਪੱਤਰ ਪ੍ਰੇਰਕ
ਜੈਤੋ, 30 ਦਸੰਬਰ
ਹਲਕਾ ਜੈਤੋ ’ਚ ਲੰਮੇ ਅਰਸੇ ਤੋਂ ਆਮ ਆਦਮੀ ਪਾਰਟੀ ’ਚ ਸਰਗਰਮ ਡਾ. ਰਮਨਦੀਪ ਸਿੰਘ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਵੱਲੋਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮੁਖ਼ਾਤਬਿ ਹੋ ਕੇ ਅਸਤੀਫ਼ੇ ਲਿਖਿਆ ਕਿ ਉਹ ਹਲਕੇ ’ਚ ਲੰਮੇ ਸਮੇਂ ਤੋਂ ਦਿ੍ੜ੍ਹਤਾ ਨਾਲ ਸਮਾਜ ਸੇਵਾ ਕਰ ਰਹੇ ਸਨ। ਉਨ੍ਹਾਂ ਗਿਲ਼ਾ ਕਰਦਿਆਂ ਲਿਖ਼ਿਆ ਕਿ ਇਨ੍ਹਾਂ ਸੇਵਾਵਾਂ ਨੂੰ ਜਾਰੀ ਰੱਖਣ ਲਈ ਪਾਰਟੀ ਵੱਲੋਂ ਢੁੱਕਵਾਂ ਪਲੇਟਫਾਰਮ ਤੇ ਉਚਿਤ ਮਾਹੌਲ ਨਹੀਂ ਦਿੱਤਾ ਜਾ ਰਿਹਾ। ਪਰ ਉਹ ਸਮਾਜ ਸੇਵੀ ਵਜੋਂ ਹਲਕੇ ’ਚ ਕਾਰਜਸ਼ੀਲ ਰਹਿਣਗੇ। ਅਸਤੀਫ਼ੇ ਦੀ ਕਾਪੀ ਉਨ੍ਹਾਂ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਨੂੰ ਵੀ ਭੇਜੀ ਹੈ। ਕਾਬਿਲੇ ਗੌਰ ਹੈ ਕਿ ਰਾਖਵੇਂ ਹਲਕਾ ਜੈਤੋ ਤੋਂ 2017 ਦੀਆਂ ਅਸੈਂਬਲੀ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਸਫ਼ਲ ਹੋਏ ਸਨ। ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ’ਚ ਚਲੇ ਜਾਣ ਮਗਰੋਂ ਪਾਰਟੀ ਨੇ ਅਮੋਲਕ ਸਿੰਘ ਨੂੰ ਹਲਕਾ ਇੰਚਾਰਜ ਥਾਪ ਦਿੱਤਾ। ਡਾ. ਰਮਨਦੀਪ ਸਿੰਘ ਇਸ ਵਾਰ ਇੱਥੋਂ ਚੋਣ ਲੜਨ ਦੇ ਪ੍ਰਮੁੱਖ ਦਾਅਵੇਦਾਰ ਸਨ ਪਰ ਪਾਰਟੀ ਨੇ ਟਿਕਟ ਅਮੋਲਕ ਸਿੰਘ ਦੇ ਨਾਂ ਕਰ ਦਿੱਤੀ। ਡਾ. ਰਮਨਦੀਪ ਦੇ ਅਸਤੀਫ਼ੇ ਨੂੰ ਲੋਕ ਰੋਸ ਦੇ ਪ੍ਰਗਟਾਵੇ ਵਜੋਂ ਵੇਖ ਰਹੇ ਹਨ।