ਪੱਤਰ ਪ੍ਰੇਰਕ
ਮਹਿਲ ਕਲਾਂ, 12 ਅਗਸਤ
ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਅੱਜ ਪਿੰਡ ਵਜੀਦਕੇ ਨੇੜੇ ਸਵਾਰੀਆਂ ਵਾਲੇ ਇੱਕ ਤਿੰਨ ਪਹੀਆ ਟੈਂਪੂ ਅਤੇ ਕਾਰ ਦੀ ਟੱਕਰ ਵਿੱਚ ਇੱਕ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਵਾਸੀ ਸਹਿਜੜਾ ਤਿੰਨ ਪਹੀਆ ਟੈਂਪੂ ਉੱਤੇ ਪਿੰਡਾਂ ਤੋਂ ਸਵਾਰੀਆਂ ਬਰਨਾਲਾ ਲਿਜਾ ਰਿਹਾ ਸੀ ਕਿ ਮੁੱਖ ਮਾਰਗ ’ਤੇ ਵਜੀਦਕੇ ਨੇੜੇ ਟੈਪੂ ਨੂੰ ਪਿੱਛੋਂ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਤੇ ਟੈਂਪੂ ਲੱਗਭੱਗ 10 ਫੁੱਟ ਡੂੰਘੇ ਖੇਤਾਂ ਚ ਜਾ ਡਿੱਗੇ। ਪੁਲਿਸ ਥਾਣਾ ਠੁੱਲੀਵਾਲ ਦੇ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਬਰਨਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਕਾਰ ਚਾਲਕ ਪਾਲ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਆਪਣੀ ਲੜਕੀ ਦਾ ਬਰਨਾਲਾ ਵਿਖੇ ਆਈਲੈੱਟਸ ਦਾ ਪੇਪਰ ਦਿਵਾਉਣ ਜਾ ਰਿਹਾ ਸੀ।