ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 25 ਅਕਤੂਬਰ
ਕੋਟਕਪੂਰੇ ਦੀ ਵਸਨੀਕ ਇਕ ਔਰਤ ਨੂੰ ਦਾਜ ਨਾ ਲਿਆਉਣ ਤੇ ਸਹੁਰੇ ਪਰਿਵਾਰ ਨੇ ਕੁੱਟ ਕੇ ਘਰੋਂ ਕੱਢ ਦਿੱਤਾ। ਇਹ ਔਰਤ ਦੇਵੀ ਵਾਲਾ ਦੀ ਵਸਨੀਕ ਹੈ ਤੇ ਇਹ ਦਿੱਲੀ ਦੇ ਉਤਮ ਨਗਰ ’ਚ ਵਿਆਹਿ ਸੀ। ਇਹ ਔਰਤ ਉਸ ਸਮੇਂ ਗਰਭਵਤੀ ਸੀ ਜਦੋਂ ਸਹੁਰੇ ਪਰਿਵਾਰ ਨੇ ਇਸ ’ਤੇ ਕਹਿਰ ਢਾਹਿਆ। ਸਲੋਨੀ ਸੇਤੀਆ ਵਾਸੀ ਦੇਵੀਵਾਲਾ ਗਲੀ ਨੰਬਰ 5 ਨੇੜੇ ਸ਼ਿਵਾਲਿਕ ਸਕੂਲ ਕੋਟਕਪੂਰਾ ਨੇ ਜ਼ਿਲ੍ਹਾ ਪੁਲੀਸ ਮੁਖੀ ਫ਼ਰੀਦਕੋਟ ਨੂੰ ਡਾਕ ਰਾਹੀਂ ਭੇਜੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਸ਼ਾਦੀ 29 ਜਨਵਰੀ 2017 ਨੂੰ ਹਿੰਦੂ ਰੀਤੀ ਰਿਵਾਜ ਅਨੁਸਾਰ ਅੰਸਅਲ ਗੋਇੰਦੀ ਵਿਨਾਇਕ ਹੋਮਜ਼ ਅਪਾਰਟਮੈਂਟ ਅੱਪਰ ਗਰਾਊਂਡ ਫਲੋਰ ਨੰ. 1202 ਬਲਾਕ ਐਮ.ਐਮ ਮੋਹਨ ਗਾਰਡਨ, ਨੇੜੇ ਗਵਰਨਮੈਂਟ ਸਕੂਲ ਉੱਤਮ ਨਗਰ ਦਿੱਲੀ ਨਾਲ ਹੋਈ ਸੀ। ਵਿਆਹ ਮੌਕੇ ਪਰਿਵਾਰ ਨੇ ਸਨੋਲੀ ਨੂੰ ਘਰੇਲੂ ਸਾਮਾਨ ਤੇ 15 ਲੱਖ ਰੁਪਏ ਖਰਚੇ ਸਨ ਪਰ ਪੀੜਤਾ ਜਦੋਂ ਗਰਭਵਤੀ ਹੋਈ ਉਦੋਂ ਪਤੀ ਨੇ ਬੁਰੀ ਤਰਾਂ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ।ਜਾਂਚ ਅਧਿਕਾਰੀ ਐਸ.ਆਈ ਗੁਰਮੇਲ ਕੌਰ ਅਨੁਸਾਰ ਮਾਮਲੇ ਦੀ ਪੜਤਾਲ ਮਗਰੋਂ ਅੰਸੁਅਲ ਗੋਇੰਦੀ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਚੋਰੀ ਦੇ 14 ਵਾਹਨਾਂ ਸਣੇ ਚਾਰ ਕਾਬੂ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ) ਸਿਟੀ ਪੁਲੀਸ ਫਰੀਦਕੋਟ ਨੇ ਚੋਰੀ ਦੇ 11 ਮੋਟਰਸਾਈਕਲ ਤੇ ਤਿੰਨ ਐਕਟਿਵਾ ਸਕੂਟਰਾਂ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਫਰੀਦਕੋਟ ਦੇ ਐੱਸਐੱਚਓ ਲਾਭ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਚੈਕਿੰਗ ਦੌਰਾਨ ਗੁਰਮੀਤ ਸਿੰਘ ਵਾਸੀ ਮੁਕਤਸਰ, ਬੱਬੂ, ਨਿਸ਼ਾਨ ਸਿੰਘ ਤੇ ਰਣਜੀਤ ਸਿੰਘ ਵਾਸੀ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ 14 ਵਾਹਨ ਬਰਾਮਦ ਕੀਤੇ ਹਨ।