ਜੋਗਿੰਦਰ ਸਿੰਘ ਮਾਨਸਾ
ਮਾਨਸਾ, 15 ਅਕਤੂਬਰ
ਨਰਮਾ ਪੱਟੀ ਵਿਚ ਅੰਨਦਾਤਾ ਨੂੰ ਇਕੱਲੇ ਭਾਅ ਨੇ ਹੀ ਨਹੀਂ ਭੂੰਜੇ ਸੁੱਟਿਆ, ਸਗੋਂ ਖੇਤਾਂ ਵਿਚ ਅਚਾਨਕ ਨਰਮੇ ਦੀ ਫਸਲ ‘ਚੋਂ ਨਿਕਲੇ ਧੂੰਏਂ ਨੇ, ਖੇਤ ਖਾਲੀ ਕਰਨੇ ਆਰੰਭ ਦਿੱਤੇ ਹਨ। ਇਸ ਨਾਲ ਹੁਣ ਕਿਸਾਨਾਂ ਦੇ ਖੀਸੇ ਖਾਲੀ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਜਿਹੜੇ ਨਰਮੇ ਨੂੰ ਕਿਸਾਨ 40 ਮਣ ਏਕੜ ਦਾ ਅੰਗਦੇ ਹੁੰਦੇ ਸਨ, ਉਹ ਹੁਣ 20 ਮਣ ‘ਤੇ ਆਣ ਖਲੋਤਾ ਹੈ। ਕਿਸਾਨ ਨੂੰ ਭਾਅ ਤੋਂ ਪਹਿਲਾਂ ਹੀ ਝਾੜ ਨੇ ਝੰਬ ਸੁੱਟਿਆ ਹੈ। ਮੰਡੀ ਵਿਚ ਨਰਮਾ ਵੇਚਣ ਆਉਂਦੇ ਕਿਸਾਨ ਹੁਣ ਭਾਅ ਦੇ ਨਾਲ-ਨਾਲ ਝਾੜ ਘਟਣ ਦਾ ਝੋਰਾ ਕਰਨ ਲੱਗੇ ਹਨ। ਭਾਅ ਤਾਂ ਭਾਰਤੀ ਕਪਾਹ ਨਿਗਮ (ਸੀਸੀਆਈ) ਦੇ ਮੰਡੀਆਂ ਵਿਚ ਹਰ ਕਿਸਾਨ ਦੀ ਜਿਣਸ ਨਾ ਖਰੀਦਣ ਕਾਰਨ ਘੱਟ ਮਿਲ ਰਿਹਾ ਹੈ,ਜਿਸ ਨੂੰ ਕਿਸਾਨ ਅੰਦੋਲਨਾਂ ਸਹਾਰੇ ਵਧਾਇਆ ਜਾ ਸਕਦਾ ਹੈ, ਪਰ ਹੁਣ ਘਟੇ ਹੋਏ ਝਾੜ ਨੇ ਿਸਾਨਾਂ ਦੇ ਸੁਪਨਿਆਂ ਨੂੰ ਸੁਕਾ ਦੇਣਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਨਰਮੇ ਦੇ ਬੀਜ ਨੂੰ ਬਿਲਾਂ ਉਪਰ ਖਰੀਦਿਆ ਗਿਆ ਸੀ ਅਤੇ ਉਨ੍ਹਾਂ ਦਾ ਦੁਕਾਨਦਾਰਾਂ ਅਤੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ 25 ਮਣ ਤੋਂ ਵੱਧ ਝਾੜ ਦੱਸਿਆ ਸੀ, ਉਹ ਨਰਮਾ ਹੁਣ 15 ਮਣ ‘ਤੇ ਹੀ ਰਹਿ ਗਿਆ ਹੈ। ਪਿੰਡ ਭੈਣੀਬਾਘਾ ਦੇ ਕਿਸਾਨ ਮੱਖਣ ਸਿੰਘ ਨੇ ਦੱਸਿਆ ਕਿ ਸੈਂਕੜੇ ਕਿਸਾਨਾਂ ਦਾ ਕਹਿਣਾ ਹੈ ਨਰਮੇ ਨੂੰ ਝੁਲਸ ਰੋਗ ਲਗ ਗਿਆ ਹੈ। ਇਸ ਕਾਰਨ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ।ਪਿੰਡ ਗੁਰਨੇ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਨਰਮੇ ਦੀ ਜਿਹੜੀ ਫ਼ਸਲ ਦਾ ਭਰਪੂਰ ਝਾੜ ਹੋਣ ਦੀ ਉਮੀਦ ਸੀ, ਉਸ ਨੂੰ ਝੁਲਸ ਰੋਗ ਨੇ ਨਜ਼ਰ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਵਾਲੇ ਬੀਜ ਝਾੜ ਪੱਖੋਂ ਅੱਧ-ਵਿਚਾਲੇ ਡੋਬਾ ਦੇ ਗਏ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮਾਲਵਾ ਪੱਟੀ ਵਿਚ ਭਾਰਤੀ ਕਪਾਹ ਨਿਗਮ ਦੀ ਸਹੀ ਰੂਪ ਵਿੱਚ ਖਰੀਦ ਆਰੰਭ ਕਰਵਾ ਕੇ ਵਪਾਰੀਆਂ ਵੱਲੋਂ ਭਾਅ ਪੱਖੋਂ ਕੀਤੀ ਜਾ ਰਹੀ ਕਿਸਾਨ ਦੀ ਲੁੱਟ ਨੂੰ ਰੋਕਣ ਲਈ ਛੇਤੀ ਹੀ ਅੰਦੋਲਨ ਵਿੱਢਿਆ ਜਾ ਰਿਹਾ ਹੈ।
ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਹਾ ਕਿ ਨਰਮੇ ਦੀ ਫਸਲ ਅਜੇ ਖੇਤਾਂ ਵਿਚ ਖੜ੍ਹੀ ਹੈ, ਜਿਸ ਦਾ ਝਾੜ ਘਟਣ ਸਬੰਧੀ ਅਨੁਮਾਨ ਨਹੀਂ ਲਾਇਆ ਜਾ ਸਕਦਾ ਅਤੇ ਸਾਰੀਆਂ ਚੌਣੀਆਂ ਚੁਗਣ ਤੋਂ ਪਿੱਛੋਂ ਹੀ ਅਸਲ ਝਾੜ ਸਾਹਮਣੇ ਆਵੇਗਾ।