ਬਰਨਾਲਾ: ਸਿਹਤ ਵਿਭਾਗ ਵੱਲੋਂ ਅਸਲੇ ਦਾ ਲਾਇਸੈਂਸ ਰੀਨਿਊ ਕਰਵਾਉਣ (ਨਵਿਆਉਣ) ਲਈ ਕਰਵਾਏ ਜਾਂਦੇ ਡੋਪ ਟੈਸਟ ਦੀ ਰਿਪੋਰਟ ਦੀ ਮੁੜ ਪੜਤਾਲ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਧਿਆਨ ਵਿੱਚ ਡੋਪ ਟੈਸਟਾਂ ਵਿੱਚ ਕਥਿਤ ਗੜਬੜੀ ਦਾ ਮਾਮਲਾ ਆਇਆ ਹੈ। ਇਸ ਜਾਣਕਾਰੀ ’ਤੇ ਤੁਰੰਤ ਐਕਸ਼ਨ ਲੈਂਦਿਆਂ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਹੁੰਦੇ ਡੋਪ ਟੈਸਟਾਂ ਬਾਰੇ ਸਿਵਲ ਹਸਪਤਾਲ ਅਤੇ ਸਬ-ਡਿਵੀਜ਼ਨ ਹਸਪਤਾਲ ਤਪਾ ਤੋਂ ਰਿਪੋਰਟ ਭੇਜਣ ਲਈ ਦਫ਼ਤਰੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਰਿਪੋਰਟਾਂ ਦੀ ਮੁਕੰਮਲ ਪੜਤਾਲ ਕੀਤੀ ਜਾ ਸਕੇ। ਡਾ. ਔਲਖ ਨੇ ਆਖਿਆ ਕਿ ਇਸ ਸਬੰਧੀ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ