ਪੱਤਰ ਪ੍ਰੇਰਕ
ਸਮਾਲਸਰ, 20 ਫਰਵਰੀ
ਅੱਜ ਬਾਘਾਪੁਰਾਣਾ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਇੱਕ ਨੌਜਵਾਨ ਨੇ ਗਲ ਵਿੱਚ ਬੈਨਰ ਲਟਕਾ ਕੇ ਵੋਟਰਾਂ ਨੂੰ ਸੁਚੇਤ ਕੀਤਾ ਕਿ ਉਹ ਪੈਸੇ ਬਦਲੇ ਵੋਟਾਂ ਨਾ ਵੇਚਣ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵੋਟਾਂ ਪੈਣ ਤੋਂ ਪਹਿਲਾਂ ਮੁੱਦਕੀ ਰੋਡ ਬਾਘਾਪੁਰਾਣਾ ਵਾਰਡ ਨੰਬਰ-15 ਦਲੀਪ ਬਸਤੀ ਦਾ ਨੌਜਵਾਨ ਮਨਦੀਪ ਸਿੰਘ ਗਲ ਵਿੱਚ ਬੈਨਰ ਲਟਕਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਗੇਟ ਅੱਗੇ ਖੜ੍ਹਾ ਹੋ ਗਿਆ। ਬੈਨਰ ’ਤੇ ਲਿਖਿਆ ਸੀ ਕਿ ਲੋਕ ਪੈਸੇ ਤੇ ਸ਼ਰਾਬ ਬਦਲੇ ਜ਼ਮੀਰ ਨਾ ਵੇਚਣ। ਉਸ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਸਿਆਸੀ ਪਾਰਟੀ ਨੇ ਹਜ਼ਾਰ ਰੁਪਏ ਪ੍ਰਤੀ ਵੋਟ ਦੇ ਹਿਸਾਬ ਸੈਂਕੜੇ ਵੋਟਾਂ ਖਰੀਦੀਆਂ। ਉਸ ਨੇ ਦੱਸਿਆ ਕਿ ਇਸ ਦਲਿਤ ਬਸਤੀ ’ਚ ਸ਼ਰਾਬ ਤੇ ਪੈਸੇ ਦੀ ਭਰਪੂਰ ਵਰਤੋਂ ਹੋਈ ਹੈ। ਨੌਜਵਾਨ ਨੇ ਦੱਸਿਆ ਕਿ ਉਸ ਨੇ ਦੁਖੀ ਹੋ ਕੇ ਲੋਕਾਂ ਨੂੰ ਸੁਚੇਤ ਕਰਨ ਲਈ ਇਹ ਢੰਗ ਅਪਣਾਇਆ।