ਪੱਤਰ ਪ੍ਰੇਰਕ
ਮਹਿਲ ਕਲਾਂ, 27 ਅਪਰੈਲ
ਬਲਾਕ ਮਹਿਲ ਕਲਾਂ ਦੇ ਪਿੰਡਾਂ ਧਨੇਰ, ਦੀਵਾਨਾ ਅਤੇ ਨਰੈਣਗੜ੍ਹ ਸੋਹੀਆਂ ਨਾਲ ਸਬੰਧਿਤ ਮਗਨਰੇਗਾ ਮਜ਼ਦੂਰਾਂ ਵੱਲੋਂ ਮਗਨਰੇਗਾ ਤਹਿਤ ਕੰਮ ਦੀ ਮੰਗ ਲਈ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਮਹਿਲ ਕਲਾਂ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮਜ਼ਦੂਰਾਂ ਨੇ ਕਿਹਾ ਕਿ ਮਸ਼ੀਨੀਕਰਨ ਦੇ ਇਸ ਦੌਰ ਵਿੱਚ ਸਿਰਫ਼ ਮਗਨਰੇਗਾ ਹੀ ਉਨ੍ਹਾਂ ਲਈ ਰੁਜ਼ਗਾਰ ਦਾ ਇੱਕਮਾਤਰ ਸਹਾਰਾ ਹੈ, ਇਸ ਲਈ ਉਨ੍ਹਾਂ ਨੂੰ ਫੌਰੀ ਇਸ ਤਹਿਤ ਕੰਮ ਸੌਂਪਿਆ ਜਾਵੇ।
ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਕਰੋਨਾ ਦਾ ਡਰ ਨਹੀਂ ਜਿੰਨਾ ਰੁਜ਼ਗਾਰ ਨਾ ਮਿਲਣ ਕਾਰਨ ਆਰਥਿਕ ਸੰਕਟ ਦਾ ਡਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵਿੱਚ ਕਰੋਨਾ ਕਾਰਨ ਬਹੁਤ ਸਾਰੇ ਕੰਮ ਬੰਦ ਹੋਏ ਹਨ ਤਾਂ ਮਗਨਰੇਗਾ ਤਹਿਤ ਕੰਮ ਨਾ ਮਿਲਣ ਕਾਰਨ ਮਜ਼ਦੂਰਾਂ ਨੂੰ ਚੁੱਲ੍ਹੇ ਤਪਦੇ ਰੱਖਣੇ ਔਖੇ ਹੋ ਗਏ ਹਨ।
ਇਸ ਮੌਕੇ ਮਗਨਰੇਗਾ ਮਜ਼ਦੂਰਾਂ ਨੇ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੂੰ ਮਿਲ ਕੇ ਕੰਮ ਦੀ ਮੰਗ ਕਰਨ ਵਾਲੇ ਮਜ਼ਦੂਰਾਂ ਦੀਆਂ ਲਿਸਟਾਂ ਸੌਂਪੀਆਂ। ਮੰਗ ਪੱਤਰ ਮਗਨਰੇਗਾ ਸੈੱਲ ਦੇ ਏਟੀਓ ਗਗਨਦੀਪ ਸਿੰਘ ਨੂੰ ਦਿੱਤਾ ਗਿਆ।