ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਜੂਨ
ਇੱਥੇ ਕੁੱਤਿਆਂ ਦੀ ਨਸਬੰਦੀ ਕਰਨ ਵਾਲੇ ਡਾਕਟਰ ਵੱਲੋਂ ਲਾਏ ਗਏ ਤਜਰਬਾ ਸਰਟੀਫਿਕੇਟ ਦੇ ਕਥਿਤ ਤੌਰ ’ਤੇ ਫਰਜ਼ੀ ਹੋਣ ਦਾ ਦਾਅਵਾ ਕਰਦਿਆਂ ਬੇਸਹਾਰਾ ਪਸ਼ੂਆਂ ਦੀ ਹਮਦਰਦ ਐਡਵੋਕੇਟ ਕੰਦਬਨੀ ਅਰੋੜਾ ਨੇ ਕਿਹਾ ਕਿ ਇਹ ਖੁਲਾਸਾ ਉਨ੍ਹਾਂ ਵੱਲੋਂ ਸੂਚਨਾ ਦਾ ਅਧਿਕਾਰ ਤਹਿਤ ਲਈ ਜਾਣਕਾਰੀ ਵਿੱਚ ਹੋਇਆ ਹੈ।
ਐਡਵੋਕੇਟ ਕੰਬਨੀ ਨੇ ਦੱਸਿਆ ਕਿ ਇਹ ਟੈਂਡਰ ਨਵੰਬਰ 2020 ’ਚ ਸਾਢੇ 11 ਲੱਖ ਰੁਪਏ ਵਿੱਚ ‘ਕੰਪੈਸ਼ਨ ਫਾਰ ਐਨੀਮਲ ਵੈਲਫੇਅਰ ਐਸੋਸੀਏਸ਼ਨ ਪਟਿਆਲਾ’ (ਕਾਵਾ) ਨੂੰ ਦਿੱਤਾ ਸੀ। ਕੌਂਸਲ ਨੇ ਇਹ ਟੈਂਡਰ ਸਲਾਟਰ ਹਾਊਸ ਬੂੜਾ ਗੁੱਜਰ ਰੋਡ ਏਜੰਸੀ ਨੂੰ ਦੇ ਦਿੱਤਾ। ਕਾਵਾ ਏਜੰਸੀ ਦੇ ਡਾਕਟਰ ਵੱਲੋਂ ਰਾਜਪੁਰਾ, ਫਿਰੋਜ਼ਪੁਰ ਅਤੇ ਪੰਚਕੂਲਾ ਦੇ ਤਜਰਬਾ ਸਰਟੀਫਿਕੇਟ ਲਾਏ ਗਏ ਜਿਸ ਵਿੱਚ 1950 ਸਰਜਰੀਆਂ ਦਾ ਵੇਰਵਾ ਦੱਸਿਆ ਗਿਆ ਪਰ ਆਰਟੀਏ ਵਿੱਚ ਇਹ ਬਹੁਤ ਘੱਟ ਪਾਈਆਂ ਗਈਆਂ। ਐਡਵੋਕੇਟ ਕੰਦਬਨੀ ਅਰੋੜਾ ਨੇ ਪ੍ਰਸ਼ਾਸਨ ਤੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਬੇਜ਼ੁਬਾਨ ਜਾਨਵਰਾਂ ਦਾ ਗੈਰ ਮਿਆਰੀ ਅਪ੍ਰੇਸ਼ਨ ਕਰਨ ਵਾਲੀ ਏਜੰਸੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਾਰਜਸਾਧਕ ਅਫਸਰ ਬਿਪਨ ਕੁਮਾਰ ਨੇ ਦੱਸਿਆ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰਵਾ ਕੇ ਟੈਂਡਰ ‘ਕਾਵਾ’ ਨੂੰ ਅਲਾਟ ਕੀਤਾ ਗਿਆ ਹੈ। ਜਾਅਲਸਾਜ਼ੀ ਸਾਬਤ ਹੋਣ ’ਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।