ਪੱਤਰ ਪ੍ਰੇਰਕ
ਗਿੱਦੜਬਾਹਾ, 25 ਜੂਨ
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ (ਪੀਸੀਐੱਮਐੱਸ) ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਇਕ ਰੋਜ਼ਾ ਹੜਤਾਲ ਕੀਤੀ ਗਈ, ਜਦੋਂਕਿ ਇਸ ਦੌਰਾਨ ਐਮਰਜੈਂਸੀ ਮੈਡੀਕਲ ਸੇਵਾਵਾਂ ਬਹਾਲ ਰੱਖੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਗੁਰਪ੍ਰੀਤ ਸਿੰਘ ਚੀਮਾ ਅਤੇ ਡਾ. ਧਰਿੰਦਰ ਗਰਗ ਨੇ ਦੱਸਿਆ ਕਿ ਇਹ ਹੜਤਾਲ ਡਾਕਟਰ ਨਾਨ-ਪ੍ਰੈਕਟਿਸ ਅਲਾਊਂਸ (ਐੱਨਪੀਏ) ਵਿੱਚ ਕਮੀ ਅਤੇ 6ਵੇਂ ਪੇ ਕਮਿਸ਼ਨ ਵਿਚ ਬੇਸਿਕ ਪੇਅ ਨਾਲੋਂ ਵੱਖ ਕਰਨ ਦੇ ਵਿਰੋਧ ਵਿਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਓਪੀਡੀ ਸਮੇਤ ਹੋਰ ਸਾਰੇ ਕੰਮ ਬੰਦ ਕਰ ਦਿੱਤੇ ਹਨ ਅਤੇ ਜੇ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ ਕੋਈ ਧਿਆਨ ਨਾ ਦਿੱਤਾ ਡਾਕਟਰਜ਼ ਆਨਲਾਈਨ ਮੀਟਿੰਗ ਕਰਕੇ ਅਗਲੇ ਸੰਘਰਸ਼ ਬਾਰੇ ਫੈਸਲਾ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਅੱਜ ਗਿੱਦੜਬਾਹਾ ਪੁੱਜੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐੱਮਕੇ ਅਰਾਵਿੰਦ ਕੁਮਾਰ ਨੂੰ ਸਿਵਲ ਸਰਜਨ ਡਾ. ਰੰਜੂ ਸਿੰਗਲਾ ਅਤੇ ਡਾ. ਸੁਨੀਲ ਬਾਂਸਲ ਦੀ ਹਾਜ਼ਰੀ ਵਿਚ ਮੰਗ ਪੱਤਰ ਵੀ ਮੌਂਪਿਆ ਗਿਆ ਹੈ। ਇਸ ਮੌਕੇ ਡਾ. ਮਹਿੰਦਰਾ ਹਰਸ਼ਪ੍ਰੀਤ ਕੌਰ, ਡਾ. ਰਮਿਤੀ ਗੁਪਤਾ, ਡਾ. ਹਰਲੀਨ ਕੌਰ, ਡਾ. ਪ੍ਰਤਿਭਾ ਅਤੇ ਡਾ. ਮੋਨਿਕਾ ਜੈਨ ਮੌਜੂਦ ਸਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਕਮਿਊਨਿਟੀ ਹੈਲਥ ਸੈਂਟਰ ਦੇ ਡਾਕਟਰਾਂ ਨੇ ਅੱਜ ਪੰਜਾਬ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਨਾਨ ਮੈਡੀਕਲ ਪ੍ਰੈਕਟਿਸ ਅਲਾਊਂਸ ਵਿੱਚ ਕਟੌਤੀ ਕੀਤੇ ਜਾਣ ਵਿਰੁੱਧ ਇਕ ਦਿਨ ਦੀ ਹੜਤਾਲ ਕੀਤੀ ਗਈ। ਉਨ੍ਹਾਂ ਹਸਪਤਾਲ ਦੇ ਗੇਟ ਅੱਗੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਹੜਤਾਲ ਦੌਰਾਨ ਓਪੀਡੀ ਸੇਵਾਵਾਂ ਬੰਦ ਰਹੀਆਂ, ਪਰ ਐਮਰਜੈਂਸੀ ਸੇਵਾਵਾਂ ਜਾਰੀ ਸਨ। ਇਸ ਮੌਕੇ ਡਾ. ਇੰਦਰਦੀਪ ਸਿੰਘ ਸਰਾਂ, ਡਾ. ਮਨਿੰਦਰਜੀਤ ਕੌਰ ਸਿੱਧੂ ਨੇ ਸਰਕਾਰ ਤੋਂ ਕੀਤੀ ਗਈ ਕਟੌਤੀ ਵਾਪਸ ਲੈਣ ਦੀ ਮੰਗ ਕੀਤੀ।