ਜੋਗਿੰਦਰ ਸਿੰਘ ਮਾਨ
ਮਾਨਸਾ, 12 ਨਵੰਬਰ
ਦੇਸ਼ ਵਿੱਚ ਅੱਠ ਮਹੀਨਿਆਂ ਤੋਂ ਕਰੋਨਾ ਮਹਾਮਾਰੀ ਦੇ ਵੱਡੇ ਪ੍ਰਭਾਵ ਕਾਰਨ ਇਸ ਵਾਰ ਦੀਵਾਲੀ ਦਾ ਉਤਸ਼ਾਹ ਆਮ ਲੋਕਾਂ ਦੇ ਨਾਲ-ਨਾਲ ਵਪਾਰੀਆਂ, ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਲਈ ਵੀ ਮੱਠਾ ਹੈ। ਇਸ ਵਾਰ ਕੈਪਟਨ ਸਰਕਾਰ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਬਕਾਏ ਨਾ ਮਿਲਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਮਿਲਣ, ਕਿਸਾਨਾਂ ਨੂੰ ਜਿਣਸਾਂ ਨਾ ਵਿਕਣ, ਮਜ਼ਦੂਰਾਂ ਨੂੰ ਲੋੜੀਂਦੀ ਦਿਹਾੜੀ ਨਾ ਮਿਲਣ ਅਤੇ ਛੋਟੇ ਦੁਕਾਨਦਾਰਾਂ ਨੂੰ ਆਰਥਿਕ ਮੰਦਹਾਲੀ ਦੇ ਚੱਲਦੇ ਘੱਟ ਵਿਕਰੀ ਕਾਰਨ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਪੰਜਾਬ ਸਰਕਾਰ ਦੇ ਹਜ਼ਾਰਾਂ ਮੁਲਾਜ਼ਮਾਂ ਦੇ ਘਰਾਂ ਵਿੱਚ ਦੀਵਾਲੀ ’ਤੇ ਦਿਨ ਦੀਵਿਆਂ ਦੀ ਰੌਸ਼ਨੀ ਮੱਧਮ ਹੀ ਰਹੇਗੀ,ਕਿਉਂਕਿ ਕਈ ਵਰਗਾਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਹੀ ਨਹੀਂ ਮਿਲੀਆਂ ਅਤੇ ਜਿਨ੍ਹਾਂ ਨੂੰ ਤਨਖਾਹ ਮਿਲੀ ਹੈ, ਉਨ੍ਹਾਂ ਦੇ ਹੋਰ ਭੱਤੇ ਰੁਕੇ ਪਏ ਹਨ। ਅਨੇਕਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਚੀਆਂ-ਪੱਕੀਆਂ ਅਸਾਮੀਆਂ ਅਤੇ ਵਿੱਤ ਵਿਭਾਗ ਤੋਂ ਮਨਜ਼ੂਰੀਆਂ ਨਾ ਮਿਲਣ ਦੇ ਚੱਕਰਾਂ ਵਿੱਚ ਉਲਝ ਕੇ ਰਹਿ ਗਈਆਂ ਹਨ।
ਵੇਰਵਿਆਂ ਅਨੁਸਾਰ ਜਿਹੜੇ ਅਧਿਆਪਕਾਂ ਦੀਆਂ ਤਨਖਾਹਾਂ ਘੱਟ ਗਈਆਂ ਹਨ। ਇਸ ਸ਼ੁਭ ਮੌਕੇ ‘ਤੇ ਦਿੱਤੀਆਂ ਜਾਣ ਵਾਲੀਆਂ ਮਠਿਆਈਆਂ ਅਤੇ ਤੋਹਫਿਆਂ ਦੀ ਖਰੀਦ ਲਈ ਵੀ ਮੁਲਾਜ਼ਮਾਂ ਨੂੰ ਉਧਾਰ ਦੇਣ ਵਾਲਿਆਂ ਵੱਲ ਦੇਖਣਾ ਪੈ ਰਿਹਾ ਹੈ। ਜਿਹੜੇ ਕਿਸਾਨ ਹਕੂਮਤਾਂ ਤੋਂ ਅੱਕੇ ਖੁਦਕੁਸ਼ੀਆਂ ਦੇ ਰਾਹ ਤੁਰ ਗਏ ਹਨ, ਉਨ੍ਹਾਂ ਦੇ ਟੱਬਰਾਂ ਦੇ ਜੀਅ ਇਸ ਵਾਰ ਸਿਵਿਆਂ ‘ਚ ਦੀਵੇ ਜਗਾਉਣਗੇ।
ਪਿੰਡਾਂ ਵਿੱਚ ਵੱਡੇ-ਛੋਟੇ ਕਾਰੋਬਾਰੀਆਂ ਲਈ ਵੀ ਦੀਵਾਲੀ ਫਿੱਕੀ ਰਹਿਣ ਦੀ ਸੰਭਾਵਨਾ ਹੈ। ਦਿਹਾਤੀ ਖੇਤਰ ਦੇ ਲੋਕਾਂ ਦਾ ਪਹਿਲਾਂ ਹੀ ਮਹਿੰਗਾਈ ਨੇ ਕਚੂਮਰ ਕੱਢ ਦਿੱਤਾ ਹੈ। ਛੋਟੇ ਕਾਰੋਬਾਰੀਆਂ ਦਾ ਦੱਸਣਾ ਕਿ ਉਨ੍ਹਾਂ ਦਾ ਵਪਾਰ ਅਤੇ ਵਿਕਰੀ ਬੇਹੱਦ ਮੰਦਵਾੜੇ ਵਿੱਚ ਚੱਲ ਰਿਹਾ। ਰੰਗ-ਰੋਗਨ ਵਾਲੇ ਕਾਰੋਬਾਰੀਆਂ ਦੇ ਰੰਗ ਇਸ ਦੀਵਾਲੀ ਨੂੰ ਨਹੀਂ ਵਿਕੇ, ਕੱਪੜੇ ਵੇਚਣ ਵਾਲਿਆਂ ਦੇ ਕੱਪੜੇ ਨਹੀਂ ਵਿਕੇ, ਮਿਠਾਈ ਵਾਲਿਆਂ ਦੀ ਮਿਠਾਈ ਪਿਛਲੇ ਸਾਲ ਨਾਲੋਂ ਅੱਧੀ ਹੀ ਵਿਕੀ ਹੈ, ਫਰੂਟ ਦੀ ਵਿਕਰੀ ਬਹੁਤ ਘੱਟ ਰਹੀ ਹੈ, ਆਟੋ ਮੋਬਾਇਲ ਸਨਅਤ ਦੀ ਸਕੂਟਰਾਂ-ਕਾਰਾਂ ਦੀ ਸੇਲ ਘੱਟ ਰਹੀ ਅਤੇ ਇਲੈਕਟ੍ਰੋਨਿਕ ਵਸਤਾਂ ਅਤੇ ਰੋਸ਼ਨੀ ਲਈ ਵਰਤੀਆਂ ਜਾਂਦੀਆਂ ਚੀਨ ਦੀਆਂ ਲੜੀਆਂ ਵੀ ਦੁਕਾਨਾਂ ਉਪਰ ਬਿਨਾਂ ਵਿਕੇ ਪਈਆਂ ਹਨ।