ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 10 ਜੁਲਾਈ
ਤਹਿਸੀਲ ਦੇ ਪਿੰਡ ਲੋਪੋ ਦੀ ਔਰਤ ਘਰੇਲੂ ਕਲੇਸ਼ ਕਾਰਨ ਆਪਣੇ ਪੰਜ ਸਾਲਾ ਬੱਚੇ ਸਣੇ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ। ਪੁਲੀਸ ਪ੍ਰਸਾਸ਼ਨ ਵੱਲੋਂ ਉਸ ਨੂੰ ਟੈਂਕੀ ਤੋਂ ਉਤਾਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਾਮੀਆਂ ਦੀ ਮਨਪ੍ਰੀਤ ਕੌਰ ਦਾ ਸੱਤ ਸਾਲ ਪਹਿਲਾਂ ਪਿੰਡ ਲੋਪੋ ਦੇ ਸੁਖਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਤਲਾਕ ਲਈ ਐਨਆਰਆਈ ਥਾਣਾ ਲਧਿਆਣਾ ਵਿੱਚ ਸਤਾਰਾਂ ਲੱਖ ਵਿੱਚ ਫ਼ੈਸਲਾ ਹੋਇਆ ਸੀ। ਅੱਜ ਉਹ ਆਪਣੇ ਸਹੁਰੇ ਘਰ ਆਪਣੇ ਬੱਚੇ ਦੇ ਦਾਖ਼ਲੇ ਲਈ ਕਾਗਜ਼ ਪੱਤਰ ਲੈਣ ਆਈ ਸੀ। ਉਸ ਦੇ ਪਤੀ ਵੱਲੋਂ ਘਰ ਅੰਦਰ ਨਾ ਵੜਨ ਦੇਣ ’ਤੇ ਆਪਸੀ ਤਕਰਾਰ ਹੋਣ ’ਤੇ ਮਨਪ੍ਰੀਤ ਕੌਰ ਆਪਣੇ ਲੜਕੇ ਤਨਵੀਰ ਸਿੰਘ ਨੂੰ ਨਾਲ ਲੈ ਕੇ ਇਨਸਾਫ਼ ਦੀ ਮੰਗ ਕਰਦਿਆਂ ਪਿੰਡ ਵਿੱਚਲੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਈ।
ਐੱਸਐੱਚਓ ਪ੍ਰਤਾਪ ਸਿੰਘ, ਸਰਪੰਚ ਭਾਮੀਆਂ ਅਤੇ ਪਰਿਵਾਰਕ ਮੈਂਬਰ ਵੀ ਮਨਪ੍ਰੀਤ ਕੌਰ ਨੂੰ ਟੈਂਕੀ ਤੋਂ ਉਤਾਰਨ ਲਈ ਟੈਂਕੀ ’ਤੇ ਚੜ੍ਹੇ ਪਰ ਕੋਸ਼ਿਸ਼ਾਂ ਸਫ਼ਲ ਨਹੀਂ ਹੋ ਸਕੀਆਂ।
ਥਾਣਾ ਬੱਧਨੀਂ ਕਲਾਂ ਦੇ ਮੁਖੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਦੋਵਾਂ ਪਰਿਵਾਰਾਂ ਨਾਲ ਗੱਲਬਾਤ ਕਰ ਕੇ ਮਨਪ੍ਰੀਤ ਕੌਰ ਨੂੰ ਟੈਂਕੀ ਤੋਂ ਉਤਾਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਲੜਕੀ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਗ਼ਲਤ ਰਵੱਈਏ ਤੋਂ ਮਜਬੂਰ ਹੋ ਕੇ ਉਸ ਦੀ ਭੈਣ ਇਹੋ ਜਿਹੀ ਜ਼ਿੰਦਗੀ ਜਿਊਣ ਤੋਂ ਤੰਗ ਹੋ ਕੇ ਟੈਂਕੀ ’ਤੇ ਚੜ੍ਹੀ ਹੈ।