ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 16 ਅਕਤੂਬਰ
ਇਥੇ ਆਮ ਆਦਮੀ ਪਾਰਟੀ ਇਸਤਰੀ ਵਿੰਗ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਕੁਲਦੀਪ ਕੌਰ ਭਗਤਾ ਅਕਾਲੀ ਆਗੂ ਪ੍ਰਮਾਤਮਾ ਸਿੰਘ ਹਮੀਰਗੜ੍ਹ ਕਨੇਡਾ ਤੇ ਰਾਜਾ ਹਮੀਰਗੜ੍ਹ ਦੀ ਪ੍ਰੇਰਨਾ ਸਦਕਾ ‘ਆਪ’ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ’ਚ ਸ਼ਾਮਿਲ ਹੋ ਗਏ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੁਲਦੀਪ ਕੌਰ ਭਗਤਾ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਸ੍ਰੀ ਮਲੂਕਾ ਨੇ ਕੁਲਦੀਪ ਕੌਰ ਭਗਤਾ ਨੂੰ ਇਸਤਰੀ ਅਕਾਲੀ ਦਲ ਦਾ ਸੂਬਾ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ।
ਮਾਰਕੀਟ ਕਮੇਟੀ ਚੇਅਰਮੈਨ ਅਕਾਲੀ ਦਲ ’ਚ ਸ਼ਾਮਲ
ਮੋਗਾ (ਨਿੱਜੀ ਪੱਤਰ ਪ੍ਰੇਰਕ): ਇਥੇ ਮਾਰਕੀਟ ਕਮੇਟੀ ਮੋਗਾ ਦੇ ਮੌਜੂਦਾ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਪਿੰਡ ਸਿੰਘਾਂਵਾਲਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕਬੂਲਦਿਆਂ ਅਕਾਲੀ ਦਲ ਬਾਦਲ ਦਾ ਝੰਡਾਂ ਚੁੱਕ ਲਿਆ ਹੈ। ਉਹ ਲੁਧਿਆਣਾ ਵਿਖੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ’ਚ ਸ਼ਾਮਲ ਹੋਏ ਹਨ। ਇਸ ਮੌਕੇ ਅਕਾਲੀ ਦਲ ਵੱਲੋਂ ਹਲਕਾ ਮੋਗਾ ਤੋਂ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ, ਜ਼ਿਲ੍ਹਾ ਪ੍ਰਧਾਨ ਤੇ ਹਲਕਾ ਬਾਘਾਪੁਰਾਣਾ ਤੋਂ ਉਮੀਦਵਾਰ ਤੀਰਥ ਸਿੰਘ ਮਾਹਲਾ ਵੀ ਮੌਜੂਦ ਸਨ।
ਜਗਮਾਲਵਾਲੀ ’ਚ ਕਈ ਵਿਅਕਤੀ ‘ਆਪ’ ’ਚ ਸ਼ਾਮਲ
ਕਾਲਾਂਵਾਲੀ (ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਜਗਮਾਲਵਾਲੀ ਵਿੱਚ ਆਮ-ਆਦਮੀ-ਪਾਰਟੀ ਦੀ ਡੱਬਵਾਲੀ ਹਲਕਾ ਦੀ ਮਹਿਲਾ ਪ੍ਰਧਾਨ ਭੋਲੀ ਕੌਰ ਦੇ ਨਿਵਾਸ ’ਤੇ ਪਾਰਟੀ ਦੇ ਵਿਧਾਨ ਸਭਾ ਪ੍ਰਧਾਨ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਲਗਪੱਗ ਇੱਕ ਦਰਜਨ ਲੋਕਾਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।