ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ
ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਸੀ. ਪੀ. ਐੱਫ. ਕਾਮਿਆਂ ਵੱਲੋਂ ਅੱਜ ਸਥਾਨਕ ਰੈੱਡ ਕਰਾਸ ਭਵਨ ਦੇ ਆਡੀਟੋਰੀਅਮ ਵਿੱਚ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਸੀ.ਪੀ.ਐੱਫ. ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਪੈਨਸ਼ਨ ਮੁਲਾਜ਼ਮਾਂ ਦਾ ਜਮਹੂਰੀ ਹੱਕ ਹੈ ਪਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ 2004 ਤੋਂ ਬਾਅਦ ਆਏ ਸਰਕਾਰੀ ਮੁਲਾਜ਼ਮਾਂ ਦੇ ਭਵਿੱਖ ਨੂੰ ਨਿੱਜੀ ਕੰਪਨੀਆਂ ਦੇ ਹੱਥ ਵਿੱਚ ਦੇ ਦਿੱਤਾ ਹੈ| ਇਸ ਨਾਲ ਮੁਲਾਜ਼ਮਾਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ| ਉਨ੍ਹਾਂ ਕਿਹਾ ਕਿ ਸਰਕਾਰਾਂ ਸਮੇਂ-ਸਮੇਂ ‘ਤੇ ਵਾਅਦੇ ਤਾਂ ਕਰਦੀਆਂ ਹਨ ਪਰ ਪੂਰੇ ਨਹੀਂ ਕਰਦੀਆਂ ਜਿਸ ਕਰਕੇ ਕਰਮਚਾਰੀਆਂ ‘ਚ ਰੋਸ ਹੈ| ਉਨ੍ਹਾਂ ਕਿਹਾ ਕਿ ਮੁਲਾਜ਼ਮ ਆਪਣੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਪ੍ਰਚੰਡ ਕਰਨਗੇ| ਇਸ ਮੌਕੇ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਨੇ ਦੱਸਿਆ ਕਿ 10 ਅਕਤੂਬਰ ਤੋਂ ਮੁਲਾਜ਼ਮ ਕਲਮਛੋੜ ਹੜਤਾਲ ‘ਤੇ ਹਨ ਅਤੇ ਮੰਗਾਂ ਦੇ ਹੱਲ ਤੱਕ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ| ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ, ਤਲਵਿੰਦਰ ਸਿੰਘ, ਕਰਮਜੀਤ ਸ਼ਰਮਾ ਨੇ ਵੀ ਸੰਬੋਧਨ ਕੀਤਾ|
ਪੈਨਸ਼ਨਰਾਂ ਵੱਲੋਂ ਭਵਨ ਲਈ ਥਾਂ ਦੇਣ ਦੀ ਮੰਗ
ਬਰੇਟਾ (ਪੱਤਰ ਪ੍ਰੇਰਕ): ਇੱਥੇ ਦੁਰਗਾ ਮੰਦਰ ਧਰਮਸ਼ਾਲਾ ਵਿੱਚ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਰੇਟਾ ਦੀ ਇਕੱਤਰਤਾ ਮੇਲਾ ਸਿੰਘ ਮੰਡੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਰੇਟਾ ਵਿੱਚ ਪੈਨਸ਼ਨਰਾਂ ਲਈ ਕੋਈ ਵੀ ਸੁਰੱਖਿਅਤ ਜਗ੍ਹਾ ਨਹੀਂ ਹੈ। ਅਸੁਰੱਖਿਅਤ ਥਾਵਾਂ ’ਤੇ ਬੈਠਣ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਕੋਈ ਸੁਰੱਖਿਅਤ ਜਗ੍ਹਾ ਮੁਹੱਈਆ ਕਰਵਾਈ ਜਾਵੇ।