ਜੋਗਿੰਦਰ ਸਿੰਘ ਮਾਨ
ਮਾਨਸਾ, 11 ਨਵੰਬਰ
ਕੇਂਦਰ ਸਰਕਾਰ ਵੱਲੋਂ ਲੌਕਡਾਊਨ ਦਾ ਲਾਹਾ ਲੈਂਦਿਆਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਸੋਧਾਂ ਖਿਲਾਫ਼ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ 26 ਨਵੰਬਰ ਦੇ ‘ਭਾਰਤ ਬੰਦ’ ਨੂੰ ਸਫਲ ਬਣਾਉਣ ਲਈ ਅੱਜ ਵੱਖ-ਵੱਖ ਟਰੇਡ ਯੂਨੀਅਨਾਂ ਵੱਲ਼ੋਂ ਇੱਕ ਜ਼ਿਲ੍ਹਾ ਪੱਧਰੀ ਸਾਂਝੀ ਕਨਵੈਨਸ਼ਨ ਕੀਤੀ ਗਈ। ਇਹ ਕਨਵੈਨਸ਼ਨ ਇੱਥੇ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿੱਚ ਏਕਟੂ ਆਗੂ ਜੀਤ ਸਿੰਘ ਬੋਹਾ, ਏਟਕ ਆਗੂ ਕਾਮਰੇਡ ਕਾਕਾ ਸਿੰਘ ਅਤੇ ਸੀਟੂ ਆਗੂ ਕਾਮਰੇਡ ਕਾਲਾ ਖਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਕਨਵੈਨਸ਼ਨ ਦੌਰਾਨ ਜੁੜੇ ਬੁਲਾਰਿਆਂ ਨੇ ਜਿੱਥੇ 26 ਨਵੰਬਰ ਦੇ ‘ਭਾਰਤ ਬੰਦ’ ਦੀ ਸਫਲਤਾ ਲਈ ਮਾਨਸਾ ਜ਼ਿਲ੍ਹੇ ਅਤੇ ਸ਼ਹਿਰ ਵਿੱਚ ਸਾਂਝੀ ਪ੍ਰਚਾਰ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ, ਉਥੇ ਹੀ ਉਨ੍ਹਾਂ ਨੇ ਕਿਰਤ ਕਾਨੂੰਨਾਂ ਦੀ ਮਨਮਾਨੀ ਨਾਲ ਭੰਨ੍ਹ ਤੋੜ ਕਰਨ ਖਿਲਾਫ ਸੰਘਰਸ਼ ਕਰਨ ਦੇ ਨਾਲ-ਨਾਲ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਕਿਸਾਨਾਂ ਦੇ ਸਮਰਥਨ ਦਾ ਐਲਾਨ ਕੀਤਾ। ਇਸ ਮੌਕੇ ਕਾਮਰੇਡ ਕ੍ਰਿਸ਼ਨ ਚੌਹਾਨ, ਏਕਟੂ ਵੱਲੋਂ ਕਾਮਰੇਡ ਗੁਰਜੰਟ ਸਿੰਘ ਮਾਨਸਾ, ਸੀਟੂ ਵੱਲੋਂ ਐਡਵੋਕੇਟ ਕੁਲਵਿੰਦਰ ਉੱਡਤ, ਰਾਜ ਕੁਮਾਰ ਰੰਗਾ ਤੇ ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਕੇਂਦਰ ਸਰਕਾਰ ਵੱਲੋਂ ਨਵੇਂ ਪਾਸ ਕੀਤੇ ਕਿਰਤ ਕਾਨੂੰਨਾਂ ਨੂੰ ਮਜ਼ਦੂਰ ਵਿਰੋਧੀ ਗਰਦਾਨਦਿਆਂ ਜ਼ਿਲ੍ਹੇ ਦੀਆਂ ਸੀਟੂ, ਏਟਕ, ਏਕਟੂ ਅਤੇ ਸੀ ਟੀ ਯੂ (ਪੰਜਾਬ) ਟਰੇਡ ਯੂਨੀਅਨਾਂ ਦੇ ਆਗੂਆਂ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਮਗਰੋਂ ਇਨ੍ਹਾਂ ਦੇ ਖਿਲਾਫ਼ ਡੀ.ਸੀ. ਬਰਨਾਲਾ ਦਫ਼ਤਰ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਮਜ਼ਦੂਰ, ਕਿਸਾਨ ਮਾਰੂ ਨੀਤੀਆਂ ਦੇ ਖਿਲਾਫ਼ 26 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣ ਦਾ ਵੀ ਅਹਿਦ ਲਿਆ। ਆਗੂਆਂ ‘ਚ ਸ਼ਾਮਲ ਸ਼ੇਰ ਸਿੰਘ ਫਰਵਾਹੀ, ਖੁਸ਼ੀਆ ਸਿੰਘ ਬਰਨਾਲਾ, ਮਾਨ ਸਿੰਘ ਗੁਰਮ, ਗੁਰਪ੍ਰੀਤ ਰੂੜੇਕੇ, ਭੋਲਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਮੀਟਿੰਗ ਦੌਰਾਨ ਦੇਸ਼ ਪੱਧਰੀ ਹੜਤਾਲ ਨੂੰ ਸਫਲ ਬਣਾਉਣ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ।