ਖੇਤਰੀ ਪ੍ਰਤੀਨਿਧ
ਬਰਨਾਲਾ, 23 ਜੁਲਾਈ
ਸੀਪੀਆਈ ਐੱਮਐੱਲ ਲਬਿਰੇਸ਼ਨ ਦਾ ਇੱਕ ਰੋਜ਼ਾ ਜ਼ਿਲ੍ਹਾ ਇਜਲਾਸ ਸਥਾਨਕ ਤਰਕਸ਼ੀਲ ਭਵਨ ਵਿਖੇ ਹੋਇਆ। ਇਜਲਾਸ ਦੀ ਪ੍ਰਧਾਨਗੀ ਕਾਮਰੇਡ ਧੰਨਾ ਸਿੰਘ ਭਦੌੜ, ਸਿੰਦਰ ਕੌਰ ਹਰੀਗੜ੍ਹ, ਸਵਰਨ ਸਿੰਘ ਜੰਗੀਆਣਾ, ਕਰਨੈਲ ਸਿੰਘ ਠੀਕਰੀਵਾਲਾ, ਰਾਜਵਿੰਦਰ ਕੌਰ ਭੱਠਲ ਤੇ ਬਿਹਾਰੀ ਲਾਲ ਬਰਨਾਲਾ ਨੇ ਕੀਤੀ। ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਕਾ. ਪੁਰਸ਼ੋਤਮ ਸ਼ਰਮਾ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਬਾਦਲ ਪਰਿਵਾਰ ਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੀਆਂ ਦੋਵੇਂ ਅਕਾਲੀ ਪਾਰਟੀਆਂ ਨੂੰ ਪੰਜਾਬ ਵਿੱਚ ਭਾਜਪਾ ਦੇ ਫਾਸ਼ੀਵਾਦ ਦੀਆਂ ਵਾਹਕ ਦੱਸਿਆ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਨੂੰ ਵੀ ਆਢੇ ਹੱਥੀਂ ਲੈਂਦਿਆਂ ਲਬਿਰੇਸ਼ਨ ਨੂੰ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਸੜਕਾਂ ’ਤੇ ਉਤਰ ਕੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਕਿਹਾ। ਲਬਿਰੇਸ਼ਨ ਦੇ ਸੂਬਾ ਸਕੱਤਰ ਰਾਜਵਿੰਦਰ ਰਾਣਾ ਨੇ ਕੇਂਦਰੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕੀਤੀ। ਸਥਾਨਕ ਪਾਰਟੀ ਸਕੱਤਰ ਕਾ. ਗੁਰਪ੍ਰੀਤ ਰੂੜੇਕੇ ਨੇ ਕਾਰਜਕਾਰਨੀ ਰਿਪੋਰਟ ਪੇਸ਼ ਕੀਤੀ। ਅਖੀਰ ’ਚ ਜ਼ਿਲ੍ਹੇ ਦੀ 9 ਮੈਂਬਰੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਗੁਰਪ੍ਰੀਤ ਰੂੜੇਕੇ ਮੁੜ ਜ਼ਿਲ੍ਹਾ ਸਕੱਤਰ ਚੁਣੇ ਗਏ। ਇੱਕ ਤਿਹਾਈ ਮਹਿਲਾ ਆਗੂ ਵੀ ਜ਼ਿਲ੍ਹਾ ਕਮੇਟੀ ’ਚ ਲਏ ਗਏ।