ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਫ਼ਰਵਰੀ
ਮੂਲ ਰੂਪ ਵਿੱਚ ਪਿੰਡ ਮਹਿਣਾ ਦੇ ਨਿਵਾਸੀ ਅਤੇ ਵਿੰਨੀਪੈਗ (ਕੈਨੇਡਾ) ਨਾਲ ਸਬੰਧਤ ਪਰਵਾਸੀ ਪੰਜਾਬੀ ਮੰਦਰ ਖੋਸਾ ਤੇ ਹੋਰਨਾ ਪਰਵਾਸੀ ਪੰਜਾਬੀਆਂ ਵੱਲੋਂ 75 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ 100 ਪਰਿਵਾਰਾਂ ਨੂੰ ਕੰਬਲ ਵੰਡੇ ਗਏ। ਇਸ ਮੌਕੇ ਰੂਰਲ ਐੱਨਜੀਓ ਚੇਅਰਮੈਨ ਅਤੇ ਸਰਬੱਤ ਦਾ ਭਲਾ ਟਰੱਸਟ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸਮਾਜ ਸੇਵੀ ਮੰਦਰ ਖੋਸਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਵਿੱਚ ਵਾਟਰ ਕੂਲਰ ਲਗਾਇਆ ਗਿਆ ਹੈ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਣਾ (ਲੜਕੇ) ਦੀ ਇਮਾਰਤ ਨੂੰ ਰੰਗ ਰੋਗਨ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੱਜ ਇਨ੍ਹਾਂ ਵੱਲੋਂ 75 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਅਤੇ 100 ਪਰਿਵਾਰਾਂ ਨੂੰ ਕੰਬਲ ਦਿੱਤੇ ਗਏ ਹਨ। ਉਨ੍ਹਾਂ ਵੱਲੋਂ ਪਿੰਡ ਮਹਿਣਾ ਵਿੱਚ ਇੱਕ ਪਰਿਵਾਰ ਨੂੰ ਮਕਾਨ ਬਨਾਉਣ ਲਈ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਜਦਕਿ ਦੋ ਲੜਕੀਆਂ ਨੂੰ ਵਿਆਹ ਦਾ ਸਮਾਨ ਲੈ ਕੇ ਦਿੱਤਾ ਗਿਆ ਹੈ। ਇਸ ਮੌਕੇ ਦਵਿੰਦਰਜੀਤ ਸਿੰਘ ਗਿੱਲ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਜਸਵੰਤ ਸਿੰਘ ਪੁਰਾਣੇਵਾਲਾ, ਜਸਵੀਰ ਕੌਰ ਦਫਤਰ ਇੰਚਾਰਜ, ਟਰੱਸਟ ਮੈਂਬਰ ਨਰਜੀਤ ਕੌਰ, ਸੁਖਦੇਵ ਸਿੰਘ ਬਰਾੜ, ਐੱਨਆਰਆਈ ਕੁੱਕੂ ਧਾਲੀਵਾਲ, ਜਗਰੂਪ ਸਿੰਘ ਗਰੇਵਾਲ, ਸਿੰਗਰ ਤਾਰਾ ਸਿੰਘ ਹਾਜ਼ਰ ਸਨ।