ਕਰਨ ਭੀਖੀ
ਭੀਖੀ, 26 ਜੁਲਾਈ
ਪਿੰਡ ਗੁਰਨੇ ਕਲਾਂ ਤੋਂ ਇੱਟਾਂ ਭਰ ਕੇ ਲਿਜਾ ਰਹੇ ਜ਼ਿਲ੍ਹੇ ਤੋਂ ਬਾਹਰਲੇ ਟਰੱਕ ਨੂੰ ਰੋਕ ਕੇ ਉਸ ਦੇ ਡਰਾਈਵਰ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿੱਚ ਭੀਖੀ ਪੁਲੀਸ ਨੇ 9 ਨਾਮਜ਼ਦ ਵਿਅਕਤੀਆਂ ਸਮੇਤ 15 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮੁਨੀਸ਼ ਬੀ.ਕੇ.ਓ. ਦੇ ਮਾਲਕ ਮੁਨੀਸ਼ ਸਿੰਗਲਾ ਨੇ ਭੀਖੀ ਪੁਲੀਸ ਨੂੰ ਇਤਲਾਹ ਦਿੱਤੀ ਕਿ ਉਨ੍ਹਾਂ ਦੇ ਗੁਰਨੇ ਕਲਾਂ ਵਾਲੇ ਭੱਠੇ ਤੋਂ ਟਰੱਕ (ਨੰਬਰੀ ਪੀ.ਬੀ. 13 ਕਿਊ 7621) ਇੱਟਾਂ ਭਰ ਕੇ ਫਗਵਾੜਾ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਕੁਝ ਲੋਕਾਂ ਨੇ ਪਿੰਡ ਬੋੜਾਵਾਲ ਵਿੱਚ ਮੇਨ ਸੜਕ ’ਤੇ ਟਰੱਕ ਘੇਰ ਕੇ ਉਸ ਦੇ ਡਰਾਈਵਰ ਦੀ ਕੁੱਟਮਾਰ ਕੀਤੀ। ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਹ ਹਮਲਾ ਕਰਨ ਵਾਲੇ ਲੋਕ ਟਰੱਕ ਯੂਨੀਅਨ ਬੁਢਲਾਡਾ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣੇ ਏਰੀਏ ਵਿੱਚੋਂ ਬਾਹਰੋਂ ਆਏ ਟਰੱਕ ਚਾਲਕ ਨੂੰ ਮਾਲ ਦੀ ਢੋਆ ਢੁਆਈ ਨਹੀਂ ਕਰਨ ਦੇਣਗੇ।
ਭੀਖੀ ਪੁਲੀਸ ਨੇ ਗੁਰਤੇਜ ਸਿੰਘ, ਅਕਾਸ਼ ਸ਼ਰਮਾ, ਕੁਲਵਿੰਦਰ ਸਿੰਘ, ਵਰਿੰਦਰ ਕੁਮਾਰ ਵਾਸੀ ਬੁਢਲਾਡਾ, ਕਮਲ ਹੰਸਪਾਲ ਵਾਸੀ ਬੀਰੋਕੇ ਕਲਾਂ, ਅਮੋਲਕ ਸਿੰਘ ਵਾਸੀ ਬੋੜਾਵਾਲ, ਰਾਜੂ ਵਾਸੀ ਗੁਰਨੇ ਕਲਾਂ, ਰਾਜ ਕੁਮਾਰ ਵਾਸੀ ਬੁਢਲਾਡਾ ਅਤੇ ਗੋਗੀ ਵਾਸੀ ਦਰੀਆਪੁਰ ਖੁਰਦ ਸਮੇਤ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਦੂਜੇ ਪਾਸੇ ਵੱਖ-ਵੱਖ ਸ਼ਹਿਰਾਂ ਤੋਂ ਆਏ ਟਰੱਕ ਅਪਰੇਟਰਾਂ ਨੇ ਇਸ ਪਰਚੇ ਨੂੰ ਰੱਦ ਕਰਵਾਉਣ ਲਈ ਬੀਤੀ ਦੇਰ ਰਾਤ ਤੱਕ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਕਤ ਪਰਚੇ ਨੂੰ ਤੁਰੰਤ ਰੱਦ ਕਰਕੇ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਰਿਹਾਅ ਕੀਤਾ ਜਾਵੇ। ਪੁਲੀਸ ਵੱਲੋਂ ਅਣਸੁਖਾਵੀਂ ਘਟਨਾ ਰੋਕਣ ਲਈ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਹੋਇਆ ਸੀ। ਦੇਰ ਰਾਤ ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ’ਤੇ ਟਰੱਕ ਅਪਰੇਟਰਾਂ ਨੇ ਧਰਨਾ ਸਮਾਪਤ ਕੀਤਾ।