ਦਵਿੰਦਰ ਮੋਹਨ ਸਿੰਘ ਬੇਦੀ
ਗਿੱਦੜਬਾਹਾ, 19 ਦਸੰਬਰ
ਅੱਜ ਇੱਥੇ ਸਥਾਨਕ ਬੱਸ ਅੱਡੇ ’ਤੇ ਟਾਈਮ ਟੇਬਲ ਨੂੰ ਲੈ ਕੇ ਪੀਆਰਟੀਸੀ ਅਤੇ ਪ੍ਰਾਈਵੇਟ ਬੱਸ ਅਪਰੇਟਰਾਂ ਵਿੱਚ ਤਕਰਾਰ ਹੋ ਗਈ ਜਿਸ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਹਾਲਾਤ ’ਤੇ ਕਾਬੂ ਪਾਇਆ ਅਤੇ ਬੱਸਾਂ ਨੂੰ ਆਪਣੇ ਦੇਖ-ਰੇਖ ਹੇਠ ਅੱਡੇ ਤੋਂ ਰਵਾਨਾ ਕੀਤਾ। ਇਸ ਸਬੰਧੀ ਪੀਆਰਟੀਸੀ ਬਠਿੰਡਾ ਦੇ ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਪੀਆਰਟੀਸੀ ਦੀ ਬੱਸ ਅੱਡੇ ’ਤੇ ਆਪਣੇ ਕਾਊਂਟਰ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਾਈਵੇਟ ਬੱਸ ਕੰਪਨੀ ਦੀਪ ਟਰਾਂਸਪੋਰਟ ਦੇ ਅੱਡਾ ਇੰਚਾਰਜ ਅਤੇ ਉਨ੍ਹਾਂ ਨਾਲ ਆਏ ਹੋਰ 8-10 ਵਿਅਕਤੀਆਂ ਨੇ ਬੱਸ ਰੋਕ ਕੇ ਧੱਕੇ ਨਾਲ ਉਸ ਵਿੱਚੋਂ ਸਵਾਰੀਆਂ ਉਤਾਰ ਕੇ ਆਪਣੀ ਬੱਸ ਵਿੱਚ ਚੜ੍ਹਾ ਲਈਆਂ ਅਤੇ ਪੀਆਰਟੀਸੀ ਸਟਾਫ਼ ਨਾਲ ਬਦਤਮੀਜ਼ੀ ਵੀ ਕੀਤੀ, ਜਿਸ ਦੀ ਸ਼ਿਕਾਇਤ ਉਨ੍ਹਾਂ ਉੱਚ ਅਧਿਕਾਰੀਆਂ ਅਤੇ ਪੁਲੀਸ ਨੂੰ ਦਿੱਤੀ। ਦੂਜੇ ਪਾਸੇ ਦੀਪ ਬੱਸ ਸਰਵਿਸ ਦੇ ਮਾਲਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਦੋਸ਼ ਲਾਇਆ ਕਿ ਪੀਆਰਟੀਸੀ ਦੇ ਮੁਲਾਜ਼ਮ ਬਿਨਾਂ ਪਰਮਿਟ ਤੇ ਟਾਈਮ ਟੇਬਲ ਆਪਣੀਆਂ ਬੱਸਾਂ ਚਲਾ ਰਹੇ ਹਨ ਅਤੇ ਅੱਡਾ ਇੰਚਾਰਜ ਨੇ ਸਿਰਫ਼ ਪੀਆਰਟੀਸੀ ਮੁਲਾਜ਼ਮਾਂ ਪਾਸੋਂ ਟਾਈਮ ਟੇਬਲ ਅਤੇ ਪਰਮਿਟ ਦੀ ਮੰਗ ਕੀਤੀ ਸੀ, ਇਸ ਤੋਂ ਇਲਾਵਾ ਅੱਡਾ ਇੰਚਾਰਜ ਜਾਂ ਕਿਸੇ ਹੋਰ ਨੇ ਕਿਸੇ ਨਾਲ ਕੋਈ ਬਦਤਮੀਜ਼ੀ ਨਹੀਂ ਕੀਤੀ। ਮੌਕੇ ’ਤੇ ਪੁੱਜੇ ਕਾਂਗਰਸੀ ਆਗੂ ਰਾਜੇਸ਼ ਕੁਮਾਰ ਬਿੱਟੂ ਗਾਂਧੀ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਧਮਕਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।