ਪੱਤਰ ਪ੍ਰੇਰਕ
ਗਿੱਦੜਬਾਹਾ, 6 ਮਈ
ਗਿੱਦੜਬਾਹਾ ਦੇ ਬੱਸ ਸਟੈਂਡ ਵਿੱਚ ਅੱਜ ਪੀ.ਆਰ.ਟੀ.ਸੀ. ਅਤੇ ਨਿਊ ਦੀਪ ਬੱਸ ਸਰਵਿਸ ਦੇ ਅਪਰੇਟਰਾਂ ਦਰਮਿਆਨ ਬੱਸਾਂ ਦੇ ਟਾਈਮ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਪੀ.ਆਰ.ਟੀ.ਸੀ. ਵੱਲੋਂ ਆਪਣੀਆਂ ਬੱਸਾਂ ਨੂੰ ਬੱਸ ਅੱਡੇ ਦੇ ਇਕ ਪਾਸੇ ਖੜ੍ਹਾ ਕਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਊ ਦੀਪ ਟਰਾਂਸਪੋਰਟ ਕੰਪਨੀ ਦੇ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰੀ ਬੱਸਾਂ ਵਾਲੇ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਸ਼ਰ੍ਹੇਆਮ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਦੀ ਬੱਸ ਦਾ ਸਵੇਰੇ 11.50 ਵਜੇ ਗਿੱਦੜਬਾਹਾ ਬੱਸ ਸਟੈਂਡ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਚੱਲਣ ਦਾ ਸਮਾਂ ਸੀ ਪਰ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਧੱਕਾ ਕਰਦੇ ਹੋਏ ਪੀ.ਆਰ.ਟੀ.ਸੀ. ਦੀ ਬੱਸ ਨੂੰ 12.05 ਤੱਕ ਕਾਊਂਟਰ ’ਤੇ ਲਗਾਈ ਰੱਖਿਆ, ਜਿਸ ਕਾਰਨ ਉਨ੍ਹਾਂ ਦੀ ਪੀ.ਆਰ.ਟੀ.ਸੀ. ਬੱਸ ਚਾਲਕਾਂ ਅਤੇ ਇੰਚਾਰਜ ਨਾਲ ਤਕਰਾਰ ਹੋਈ ਹੈ।
ਉੱਧਰ, ਇਸ ਸਬੰਧੀ ਪੀ.ਆਰ.ਟੀ.ਸੀ. ਦੇ ਅੱਡਾ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਆਰ.ਟੀ. ਓ. ਵੱਲੋਂ ਕਰੀਬ 2 ਮਹੀਨੇ ਪਹਿਲਾਂ ਬੱਸਾਂ ਦੇ ਟਾਈਮ ਟੇਬਲ ਸੈੱਟ ਕੀਤੇ ਗਏ ਹਨ, ਜਿਸ ਨੂੰ ਪ੍ਰਾਈਵੇਟ ਟਰਾਂਸਪੋਰਟਰ ਸਵੀਕਾਰ ਨਹੀਂ ਕਰ ਰਹੇ ਸਨ ਅਤੇ ਇਸ ਸਬੰਧੀ ਬੀਤੇ ਦਿਨ ਬਠਿੰਡਾ ਵਿੱਚ ਮੀਟਿੰਗ ਹੋਈ ਸੀ, ਜਿਸ ਵਿੱਚ ਪਰਮਿਟਾਂ ਅਨੁਸਾਰ ਟਾਇਮ ਮੁੜ ਸੈੱਟ ਕੀਤੇ ਗਏ ਸਨ।
ਇਸ ਮੀਟਿੰਗ ਵਿੱਚ ਹੀ ਪੀ.ਆਰ.ਟੀ.ਸੀ. ਨੇ 2 ਨਵੇਂ ਟਾਈਮ ਸੈੱਟ ਕੀਤੇ ਸਨ ਅਤੇ ਨਿਊ ਦੀਪ ਬੱਸ ਸਰਵਿਸ ਵੱਲੋਂ ਸਵੇਰੇ 4.30 ਵਜੇ ਬਠਿੰਡਾ ਤੋਂ ਚੰਡੀਗੜ੍ਹ ਬੱਸ ਚਲਾਉਣ ਬਾਰੇ ਕਿਹਾ ਗਿਆ ਜਿਸ ਨੂੰ ਉਹ 5.30 ਵਜੇ ਚਲਾਉਣ ਦੀ ਗੱਲ ਕੀਤੀ ਸੀ ਜੋ ਨਿਊ ਦੀਪ ਨੂੰ ਮੰਜੂਰ ਨਹੀਂ ਸਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਆਪਣੇ 8 ਟਾਈਮ ਪੂਰੇ ਕਰਨਾ ਚਾਹੁੰਦੇ ਸੀ ਪਰ ਇਨ੍ਹਾਂ ਆਪਣੀ ਬੱਸ ਸਾਡੀ ਬੱਸ ਦੇ ਅੱਗੇ ਲਗਾ ਲਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਫਿਲਹਾਲ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਬੱਸ ਸਟੈਂਡ ਵਿੱਚ ਅਗਲੇ ਹੁਕਮਾਂ ਤੱਕ ਖੜ੍ਹਾ ਕਰ ਦਿੱਤਾ ਗਿਆ ਹੈ।