ਫ਼ਰੀਦਕੋਟ (ਜਸਵੰਤ ਜੱਸ): ਕੇਂਦਰੀ ਮਾਡਰਨ ਜੇਲ੍ਹ ਵਿੱਚ ਦੇਰ ਰਾਤ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਅਤੇ ਜੇਲ੍ਹ ਵਿੱਚ ਨਜ਼ਰਬੰਦ ਹਵਾਲਾਤੀਆਂ ਦਰਮਿਆਨ ਟਕਰਾਅ ਹੋ ਗਿਆ ਅਤੇ ਹਵਾਲਾਤੀਆਂ ਨੇ ਕਥਿਤ ਤੌਰ ’ਤੇ ਸੁਰੱਖਿਆ ਕਰਮਚਾਰੀਆਂ ਨੂੰ ਗਾਲਾਂ ਕੱਢੀਆਂ। ਸਿਟੀ ਪੁਲੀਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਇਕਬਾਲ ਸਿੰਘ, ਜਗਸੀਰ ਸਿੰਘ, ਸਾਗਰ, ਦਿਨੇਸ਼ ਕੁਮਾਰ ਅਤੇ ਮਨੀ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸੂਚਨਾ ਅਨੁਸਾਰ ਜੇਲ੍ਹ ਅਧਿਕਾਰੀ ਦੀਆਂ ਬੈਰਕਾਂ ਦੀ ਤਲਾਸ਼ੀ ਲੈ ਰਹੇ ਸਨ, ਜਿਸ ਦੌਰਾਨ ਇਹ ਟਕਰਾਅ ਹੋਇਆ। ਜੇਲ੍ਹ ਅਧਿਕਾਰੀਆਂ ਨੇ ਤਲਾਸ਼ੀ ਦੌਰਾਨ ਦੋ ਮੋਬਾਈਲ ਵੀ ਬਰਾਮਦ ਕੀਤੇ ਹਨ। ਦੂਜੇ ਪਾਸੇ ਹਵਾਲਾਤੀਆਂ ਨੇ ਦੋਸ਼ ਲਾਇਆ ਕਿ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣ-ਬੁੱਝ ਕੇ ਝੂਠੇ ਕੇਸ ਵਿੱਚ ਫਸਾਇਆ ਹੈ ਅਤੇ ਉਨ੍ਹਾਂ ਕਿਸੇ ਕਰਮਚਾਰੀ ’ਤੇ ਹਮਲਾ ਨਹੀਂ ਕੀਤਾ। ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਕੇਸ ਦਰਜ ਕਰਨ ਤੋਂ ਬਾਅਦ ਸਿਟੀ ਪੁਲੀਸ ਫ਼ਰੀਦਕੋਟ ਮਾਮਲੇ ਦੀ ਪੜਤਾਲ ਕਰ ਰਹੀ ਹੈ।