ਪੱਤਰ ਪ੍ਰੇਰਕ
ਰੂੜੇਕੇ ਕਲਾਂ, 1 ਅਗਸਤ
ਸਾਉਣੀ ਦੀ ਮੁੱਖ ਫਸਲ ਝੋਨੇ ਦੀ ਬਿਜਾਈ ਡੀਐੱਸਆਰ ਵਿਧੀ ਨਾਲ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਹਿੱਤ ਪੰਜਾਬ ਦੇ ਮਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਤੀ ਏਕੜ 1500 ਦੀ ਉਤਸ਼ਾਹਿਤ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਵਿਧੀ ਰਾਹੀਂ ਬਿਜਾਈ ਕਰਨ ਤੇ ਪੰਜਾਬ ਅੰਦਰ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕੇ ਪਰ ਇਥੋਂ ਦੇ ਕਿਸਾਨਾਂ ਨੇ ਮੁੱਖ ਮੰਤਰੀ ਦੀ ਇਸ ਉਤਸ਼ਾਹਿਤ ਰਾਸ਼ੀ ਨੂੰ ਪੂਰਾ ਹੁੰਗਾਰਾ ਨਹੀਂ ਦਿੱਤਾ ਤੇ ਜ਼ਿਲ੍ਹੇ ਦੇ ਕੁੱਲ ਰਕਬੇ ਵਿਚੋਂ ਮਸਾਂ 7 ਫੀਸਦੀ ਹੀ ਝੋਨੇ ਦੀ ਬੀਜਾਂਦ ਇਸ ਵਿਧੀ ਰਾਹੀਂ ਕੀਤੀ ਦੱਸੀ ਜਾ ਰਹੀ ਹੈ। ਇਸ ਖੇਤਰ ਦੇ ਵੱਡੇ ਪਿੰਡ ਪੱਖੋਂ ਕਲਾਂ, ਧੌਲਾ, ਰੂੜੇਕੇ ਕਲਾਂ, ਧੂਰਕੋਟ ਅਤੇ ਅਸਪਾਲ ਕਲਾਂ ਦੇ ਉਨ੍ਹਾਂ ਕਿਸਾਨਾਂ ਜਿਨ੍ਹਾਂ ਪਿਛਲੇ ਸਾਲ ਇਸ ਵਿਧੀ ਰਾਹੀਂ ਬੀਜਾਂਦ ਕੀਤੀ ਸੀ ਉਨ੍ਹਾਂ ਇਸ ਵਾਰ ਇਸ ਤਕਨੀਕ ਤੋਂ ਮੂੰਹ ਫੇਰ ਲਿਆ ਹੈ। ਸੂਤਰਾਂ ਅਨੁਸਾਰ ਇਸ ਵਿਧੀ ਰਾਹੀਂ ਰਕਬਾ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਗਿਆ ਹੈ ਤੇ ਵਿਭਾਗ ਵੱਲੋਂ ਪਿਛਲੇ ਸਾਲ ਦੇ ਅੰਕੜੇ ਛੁਪਾਏ ਜਾ ਰਹੇ ਹਨ। ਜ਼ਿਲੇ ਵਿਚ 3212 ਏਕੜ ਰਕਬੇ ਵਿਚ ਹੀ ਡੀਐੱਸਆਰ ਵਿਧੀ ਰਾਹੀ ਬੀਜਾਂਦ ਕੀਤੀ ਗਈ ਹੈ ਜਿਸ ਵਿਚ ਬਰਨਾਲਾ ਬਲਾਕ ਵਿਚ ਸਭ ਤੋਂ ਵੱਧ 2148, ਬਲਾਕ ਸ਼ਹਿਣਾ ਵਿਚ 616 ਏਕੜ ਤੇ ਮਹਿਲ ਕਲਾਂ ਵਿਚ ਸਿਰਫ 447 ਏਕੜ ਰਕਬਾ ਇਸ ਵਿਧੀ ਰਾਹੀਂ ਬੀਜਿਆ ਗਿਆ ਹੈ। ਪਿਛਲੇ ਸਾਲ ਦੇ ਅੰਕੜੇ ਲੈਣ ਲਈ ਏਡੀੳ ਐਨਫੋਰਸਰਮੈਂਟ ਸਤਨਾਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਘਟੇ ਰਕਬੇ ਨੂੰ ਉਜਾਗਰ ਕਰਨ ਤੋਂ ਗੁਰੇਜ ਕਰਦਿਆਂ ਟਾਲਾ ਵੱਟ ਲਿਆ।