ਪੱਤਰ ਪ੍ਰੇਰਕ
ਮਾਨਸਾ, 15 ਮਈ
ਇਨਕਲਾਬੀ ਸਾਹਿਤਕਾਰ ਅਤੇ ਸੱਭਿਆਚਾਰਕ ਕਾਮੇ ਬਾਰੂ ਸਤਵਰਗ ਦੇ ਨਾਵਲਾਂ ’ਤੇ ਵਿਚਾਰ ਚਰਚਾ ਕਰਵਾਈ ਗਈ, ਇਸ ਦੌਰਾਨ ਉਸਦੀ ਸਾਹਿਤਕ ਅਤੇ ਇਨਕਲਾਬੀ ਘਾਲਣਾ ਨੂੰ ਸਲਾਮ ਪੇਸ਼ ਕੀਤਾ ਗਿਆ। ਵਿਚਾਰ ਚਰਚਾ ਦਾ ਪ੍ਰਬੰਧ ਰੈਡੀਕਲ ਪੀਪਲਜ਼ ਫੋਰਮ ਅਤੇ ਜੁਟਾਨ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਵਿਚਾਰ ਚਰਚਾ ਦੇ ਆਰੰਭ ਵਿੱਚ ਅਧਿਆਪਕ ਆਗੂ ਅਮੋਲਕ ਡੇਲੂਆਣਾ ਵੱਲੋਂ ਬਾਰੂ ਸਤਵਰਗ ਨਾਲ ਜਾਣ-ਪਛਾਣ ਕਰਵਾਈ ਗਈ। ਫਿਰ ਪ੍ਰਸਿੱਧ ਵਿਦਵਾਨ ਨਰਭਿੰਦਰ ਨੇ ਬਾਰੂ ਸਤਵਰਗ ਦੇ ਨਾਵਲਾਂ ’ਤੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਨੇ ਹੁਣ ਤੱਕ, ‘ਲਹੂ ਪਾਣੀ ਨਹੀਂ ਬਣਿਆ, ਫੱਟੜ ਸ਼ੀਹਣੀ, ਨਿੱਘੀ ਬੁੱਕਲ, ਸ਼ਰਧਾ ਦੇ ਫੁੱਲ, ਸਜ਼ਾ ਸੱਚ ਨੂੰ ਅਤੇ ਪੰਨਾ ਇੱਕ ਇਤਿਹਾਸ ਦਾ’ ਕੁੱਲ 6 ਨਾਵਲਾਂ ਦੀ ਰਚਨਾ ਕੀਤੀ ਹੈ। ਇਹ ਸਾਰੇ ਨਾਵਲ ਮਾਲਵਾ ਖੇਤਰ ਦੀ ਨਕਸਲਵਾੜੀ ਲਹਿਰ ਦੇ ਇਤਿਹਾਸਕ ਪਿਛੋਕੜ ਵਿੱਚ ਲਿਖੇ ਗਏ ਹਨ। ਇਸ ਤਰ੍ਹਾਂ ਇਹ ਨਾਵਲ ਪੰਜਾਬ ਦੇ ਮਾਲਵਾ ਖੇਤਰ ਦੀ ਨਕਸਲਵਾੜੀ ਲਹਿਰ ਦਾ ਇਤਿਹਾਸਕ ਦਸਤਾਵੇਜ਼ ਹੋਣ ਦਾ ਦਰਜਾ ਰੱਖਦੇ ਹਨ। ਲੇਖਕ ਬਾਰੂ ਨੇ ਦੱਸਿਆ ਕਿ ਉਹ ਕਈ ਰਸਾਲਿਆਂ ਦੇ ਸੰਪਾਦਕ ਤੇ ਸਹਾਇਕ ਸੰਪਾਦਕ ਵੀ ਰਹੇ ਹਨ।