ਪਰਸ਼ੋਤਮ ਬੱਲੀ
ਬਰਨਾਲਾ, 19 ਜੂਨ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 262ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਪੇਂਡੂ ਸਭਿਆਚਾਰ ਤੇ ਜੀਵਨ-ਜਾਚ ਉਪਰ ਭਵਿੱਖ ’ਚ ਪੈਣ ਵਾਲੇ ਮਾਰੂ ਅਸਰਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਮੌਜੂਦਾ ਦਿਹਾਤੀ ਜੀਵਨ ਜਾਚ ਨੂੰ ਤਬਾਹ ਕਰ ਦੇਣਗੇ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਅਮਰਜੀਤ ਕੌਰ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਪੰਜਾਬ ਸਿੰਘ ਠੀਕਰੀਵਾਲਾ, ਹਰਚਰਨ ਚੰਨਾ, ਗੋਰਾ ਸਿੰਘ ਢਿੱਲਵਾਂ, ਬਲਜੀਤ ਚੌਹਾਨਕੇ, ਗੁਰਦਰਸ਼ਨ ਸਿੰਘ ਦਿਉਲ, ਬਲਵੀਰ ਕੌਰ ਕਰਮਗੜ੍ਹ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਹਾਲ ਦੀ ਘੜੀ ਸੁਪਰੀਮ ਕੋਰਟ ਵੱਲੋਂ ਰੋਕੇ ਇਹ ਕਾਲੇ ਖੇਤੀ ਕਾਨੂੰਨਾਂ ਨੂੰ ਸਰਕਾਰਾਂ ਚੋਰ ਮੋਰੀਆਂ ਰਾਹੀਂ ਲਾਗੂ ਕਰ ਰਹੀਆਂ ਹਨ, ਜਿਨ੍ਹਾਂ ਦੇ ਮਾਰੂ ਅਸਰ ਦਿਖਣੇ ਸ਼ੁਰੂ ਵੀ ਹੋ ਗਏ ਹਨ। ਜਿਵੇਂ ਇਸ ਸਾਲ ਹਰਿਆਣਾ ਸਰਕਾਰ ਦੇ ਅਦਾਰੇ ਹੈਫੇਡ ਨੇ ਸਰ੍ਹੋੋਂ ਦੀ ਖਰੀਦ ਨਹੀਂ ਕੀਤੀ, ਇਹ ਕਾਲੇ ਖੇਤੀ ਕਾਨੂੰਨ ਲਾਗੂ ਹੋਣ ਇਹ ਵਰਤਾਰਾ ਆਮ ਹੋ ਜਾਣਾ ਹੈ। ਅੱਜ ਰੁਲਦੂ ਸਿੰਘ ਸ਼ੇਰੋਂ ਨੇ ਗੀਤ ਸੁਣਾਏ। ਰਾਜਵਿੰਦਰ ਸਿੰਘ ਮੱਲੀ ਤੇ ਜਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥੇ ਨੇ ਜੋਸ਼ੀਲੀਆਂ ਵਾਰਾਂ ਗਾ ਕੇ ਰੰਗ ਬੰਨ੍ਹਿਆ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇਥੇ ਰੇਲਵੇ ਸਟੇਸ਼ਨ ’ਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਅਤੇ ਇਕ ਨਿੱਜੀ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਚਲਾਏ ਜਾ ਰਹੇ ਧਰਨਿਆਂ ਵਿਚ ਬੁਲਾਰਿਆਂ ਨੇ ਅੱਜ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਤੱਕ ਧਰਨੇ ਜਾਰੀ ਰਹਿਣਗੇ। ਬੁਲਾਰਿਆਂ ਵਿੱਚ ਗੁਰਦੀਪ ਸਿੰਘ ਮੰਡੇਰ, ਬਲਜੀਤ, ਤਾਰਾ ਚੰਦ ਤੇ ਛੱਜੂ ਸਿੰਘ ਸਣੇ ਹੋਰ ਆਗੂ ਹਾਜ਼ਰ ਸਨ।
ਭਾਜਪਾ ’ਤੇ ਸੰਘਰਸ਼ ਨੂੰ ਬਦਨਾਮ ਕਰਨ ਦੇ ਦੋਸ਼
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖਿਲਾਫ ਮਹਿਲ ਕਲਾਂ ਵਿੱਚ ਚੱਲ ਰਹੇ ਪੱਕੇ ਧਰਨੇ ‘ਤੇ ਭਾਰਤੀ ਜਨਤਾ ਪਾਰਟੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਦੀ ਲੀਡਰਸ਼ਿਪ ‘ਤੇ ਦੋਸ਼ ਲਾਇਆ ਕਿ ਭਾਜਪਾ ਖੇਤੀ ਕਾਨੂੰਨ ਵਾਪਸ ਲੈਣ ਦੀ ਥਾਂ ਦਿੱਲੀ ਵਿੱਚ ਪਿਛਲੇ ਸੱਤ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮਨਜੀਤ ਕੌਰ, ਚਰਨਜੀਤ ਕੌਰ, ਅਮਰਜੀਤ ਸਿੰਘ ਠੁੱਲੀਵਾਲ, ਗੁਰਨਾਮ ਸਿੰਘ ਗੰਗੋਹਰ, ਸੋਹਣ ਸਿੰਘ, ਅਜਮੇਰ ਸਿੰਘ, ਗੁਰਮੇਲ ਸਿੰਘ ਠੁੱਲੀਵਾਲ ਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਸੰਘਰਸ਼ਸ਼ੀਲ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੀ ਬਜਾਏ ਭਾਜਪਾ ਸਰਕਾਰ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦ ਜਦ ਵੀ ਲੋਕ ਹੱਕੀ ਮੰਗਾਂ ਲਈ ਸੰਘਰਸ਼ਾਂ ਦੇ ਮੈਦਾਨ ਵਿੱਚ ਨਿੱਤਰੇ ਹਨ ਤਾਂ ਹਕੂਮਤਾਂ ਨੂੰ ਮੋੜਾ ਕੱਟਣ ਲਈ ਮਜਬੂਰ ਕੀਤਾ ਹੈ।