ਪੱਤਰ ਪ੍ਰੇਰਕ
ਮਾਨਸਾ, 13 ਜੁਲਾਈ
ਉਕਾਬ ਚੇਤਨਾ ਮੰਚ ਮਾਨਸਾ ਵੱਲੋਂ ਸਥਾਨਕ ਪੈਨਸ਼ਨਰ ਭਵਨ ਵਿੱਚ ਕਵਿੱਤਰੀ ਨਰਿੰਦਰਪਾਲ ਕੌਰ ਦੇ ਕਾਵਿ ਸੰਗ੍ਰਹਿ ’ਕਸ਼ੀਦ’ ’ਤੇ ਗੋਸ਼ਟੀ ਕਰਵਾਈ ਗਈ। ਗੋਸ਼ਟੀ ਸਮਾਗਮ ਦੀ ਸ਼ੁਰੂਆਤ ਵਿੱਚ ਮੰਚ ਦੇ ਪ੍ਰਧਾਨ ਅਮੋਲਕ ਡੇਲੂਆਣਾ ਨੇ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ। ਡਾ. ਨੀਤੂ ਨੇ ਪਰਚਾ ਪੜ੍ਹਦਿਆਂ ਕਿਹਾ ਆਮ ਤੌਰ ’ਤੇ ਔਰਤ ਦੇ ਹੱਕਾਂ ਦੀ ਗੱਲ ਕਰਨ ਵਾਲੀ ਕਵਿੱਤਰੀ ਪ੍ਰਤੀ ਇਹ ਗਿਲਾ ਕੀਤਾ ਜਾਂਦਾ ਹੈ ਕਿ ਉਹ ਸਮਾਜਕ ਸਿਆਸੀ ਮਸਲਿਆਂ ਤੋਂ ਨਿਰਲੇਪ ਰਹਿੰਦੀ ਹੈ, ਪਰ ਔਰਤ ਦੇ ਹੱਕਾਂ ਦੀ ਗੱਲ ਕਰਨਾ ਵੀ ਇੱਕ ਸਮਾਜਿਕ-ਸਿਆਸੀ ਮਸਲਾ ਹੀ ਹੈ। ਨਰਿੰਦਰਪਾਲ ਦੀ ਕਵਿਤਾ ਸਮਾਜਿਕ ਤੇ ਸਿਆਸੀ ਮਸਲੇ ਵੀ ਉਠਾਉਂਦੀ ਹੈ। ਬਹਿਸ ਦਾ ਅਰਥ ਕਰਦਿਆਂ ਪ੍ਰੋ.ਗੁਰਦੀਪ ਸਿੰਘ ਨੇ ਕਿਹਾ ਕਿ ਰਚਨਾ ਅਨੁਭਵ ’ਚੋਂ ਨਿਕਲਦੀ ਹੈ। ਨਰਿੰਦਰਪਾਲ ਦੀ ਸ਼ਾਇਰੀ ਵਿਚਲਾ ਅਨੁਭਵ ਸੂਖਮ, ਤੀਖਣ ਤੇ ਅਬੋਲ ਨੂੰ ਬੋਲ ਦੇਣ ਵਾਲਾ ਹੈ। ਡਾ. ਸੰਤੋਖ ਸੁੱਖੀ ਨੇ ਪੁਸਤਕ ਵਿਚਲੀਆਂ ਕਵਿਤਾਵਾਂ ’ਤੇ ਆਧਾਰਿਤ ਕਾਵਿ ਚਿੱਤਰ ਪੜ੍ਹਿਆ। ਸਤਪਾਲ ਭੀਖੀ ਨੇ ਕਿਹਾ ਕਿ ਮਰਦਾਂ ਨੂੰ ਕਈ ਵਾਰ ਔਰਤਾਂ ਦੇ ਕੁਝ ਮਸਲੇ ਗੌਲਣਯੋਗ ਮੁੱਦੇ ਨਹੀਂ ਲੱਗਦੇ। ਇਸ ਮੌਕੇ ਰਾਜਵਿੰਦਰ ਮੀਰ, ਅੰਮ੍ਰਿਤ ਸਮਿਤੋਜ਼, ਡਾ. ਸੀਮਾ ਜਿੰਦਲ, ਡਾ. ਲਕਸ਼ਮੀ ਨਾਰਾਇਣ ਭੀਖੀ, ਡਾ.ਅਰਵਿੰਦਰ ਕੌਰ ਕਾਕੜਾ, ਭੁਪਿੰਦਰਪਰੀਤ ਕੌਰ, ਪ੍ਰੋ. ਅਜਾਇਬ ਸਿੰਘ ਟਿਵਾਣਾ, ਕੁਲਵਿੰਦਰ ਬੱਛੋਆਣਾ, ਗੁਰਲਾਲ ਗੁਰਨੇ ਨੇ ਵੀ ਸੰਬੋਧਨ ਕੀਤਾ।