ਬਰਨਾਲਾ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਮੀਟਿੰਗ ਇੱਥੇ ਗੁਰਦੁਆਰਾ ਬਾਬਾ ਕਾਲਾ ਮਹਿਰ ਵਿੱਚ ਹੋਈ। ਮੀਟਿੰਗ ਵਿਚ ਕਿਸਾਨਾਂ ਦੀਆਂ ਸਮੱਸਿਆਵਾਂ ਬਾਬਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਤੇ ਜਨਰਲ ਸਕੱਤਰ ਨਰਿੰਦਰ ਸਿੰਘ ਬਬਲਾ ਦੀ ਅਗਵਾਈ ਹੇਠ ਜਿੱਥੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉੱਥੇ ਪਾਣੀਆਂ ਦੇ ਮੁੱਦੇ ਉਪਰ ਸੰਘਰਸ਼ ਕਰਨ ਦਾ ਜਥੇਬੰਦੀ ਵੱਲੋਂ ਐਲਾਨ ਵੀ ਕੀਤਾ ਗਿਆ। ਯੂਨੀਅਨ ਆਗੂਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਹਮੇਸ਼ਾ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ‘ਚ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਜਥੇਬੰਦੀ ਸੰਘਰਸ਼ ਜਾਰੀ ਰੱਖੇਗੀ। ਮੀਟਿੰਗ ਵਿੱਚ ਗੋਰਾ ਸਿੰਘ ਢਿੱਲਵਾਂ, ਭੁਪਿੰਦਰ ਸਿੰਘ ਸਰਪੰਚ ਰਾਏਸਰ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ