ਪਰਸ਼ੋਤਮ ਬੱਲੀ
ਬਰਨਾਲਾ, 19 ਅਪਰੈਲ
ਇੱਥੋਂ ਦੇ ਬਾਬਾ ਬੋਹੜ ਅਤੇ ਪੰਜਾਬੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਦਾ 89 ਵਾਂ ਜਨਮਦਿਨ ਸਥਾਨਕ ਗੋਬਿੰਦ ਬਾਂਸਲ ਚੈਰੀਟੇਬਲ ਟਰਸੱਟ ਬਰਨਾਲਾ ਵਿੱਚ ਅਦਾਰਾ ਪੰਜ ਦਰਿਆ ਲੋਕ ਕਲਾ ਮੰਚ, ਸਹਿਯੋਗੀ ਸਾਹਿਤ ਸਭਾਵਾਂ ਅਤੇ ਗਾਸੋ ਪਰਿਵਾਰ ਨੇ ਮਿਲ ਕੇ ਮਨਾਇਆ| ਪ੍ਰਧਾਨਗੀ ਮੰਡਲ ਵਿੱਚ ਜੋਗਿੰਦਰ ਸਿੰਘ ਨਿਰਾਲਾ, ਓਮ ਪ੍ਰਕਾਸ਼ ਗਾਸੋ, ਸਤੀਸ਼ ਗੁਲਾਟੀ, ਕੰਵਰਜੀਤ ਭੱਠਲ, ਭੋਲਾ ਸਿੰਘ ਸੰਘੇੜਾ, ਤਰਸੇਮ ਸਿੰਘ ਸਾਗਰ, ਪਰਮਜੀਤ ਮਾਨ, ਰਾਜਵਿੰਦਰ ਕੌਰ ਬਿੱਟਾ ਅਤੇ ਤੇਜਿੰਦਰ ਚੰਡਿਹੋਕ ਸੁਸ਼ੋਭਿਤ ਸਨ| ਇਸ ਮੌਕੇ ‘ਲੋਕਾਈ ਦੇ ਸੰਕਟ ਅਤੇ ਸਾਹਿਤ ਦੀ ਭੂਮਿਕਾ’ ਵਿਸ਼ੇ ’ਤੇ ਵਿਚਾਰ-ਚਰਚਾ ਕੀਤੀ ਗਈ| ਇਸ ਮੌਕੇ ਡਾ. ਰਵਿੰਦਰ ਗਾਸੋ, ਡਾ. ਸੁਦਰਸ਼ਨ ਗਾਸੋ, ਭੋਲਾ ਸਿੰਘ ਸੰਘੇੜਾ, ਤਰਸਪਾਲ ਕੌਰ ਅਤੇ ਮਾਲਵਿੰਦਰ ਸ਼ਾਇਰ ਨੇ ਜਿੱਥੇ ਲੋਕ ਚੇਤਨਾ ’ਤੇ ਚਰਚਾ ਵਿੱਚ ਹਿੱਸਾ ਲਿਆ ਉੱਥੇ ਗਾਸੋ ਦੀ ਜੀਵਨੀ ਅਤੇ ਸਾਹਿਤਕ ਸਫ਼ਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ| ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਖ਼ੁਦ ਸੁਚੇਤ ਹੋਣ ਦੇ ਨਾਲ-ਨਾਲ ਲੋਕਾਂ ਨੂੰ ਸੁਚੇਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਤਰਸੇਮ ਸ਼ਾਇਰ ਨੇ ਕਿਸਾਨੀ ਸੰਕਟ ਬਾਰੇ ਫਿਕਰਮੰਦੀ ਜਾਹਿਰ ਕੀਤੀ|
ਸਮਾਗਮ ਦੇ ਦੂਜੇ ਹਿੱਸੇ ਵਿੱਚ ਕਵੀ ਦਰਬਾਰ ਲਗਾਇਆ ਗਿਆ। ਇਸ ਉਪਰੰਤ ਓਮ ਪ੍ਰਕਾਸ਼ ਗਾਸੋ ਦੇ ਪੰਜਾਬੀ ਨਾਵਲ ‘ਰਵਾਨਗੀ ਦੇ ਰੰਗ’, ‘ਵਿਦਰੋਹੀ ਸਤਰਾਂ ਦਾ ਸਫਰ’ ਅਤੇ ਹਿੰਦੀ ਨਾਵਲ ‘ਮਨੁਸ਼ਯ ਦੀ ਆਂਖੇ’ ਅਤੇ ਹਿੰਦੀ ਕਾਵਿ ਸੰਗ੍ਰਹਿ ‘ਬਿਖਰਾਤੇ ਰਹਿਨਾ ਬੀਜ’ ਤੋਂ ਇਲਾਵਾ ਡਾ. ਸੁਦਰਸ਼ਨ ਗਾਸੋ ਦੀ ਪੁਸਤਕ ‘ਗੁਰੂ ਨਾਨਕ ਦੇਵ ਬਾਣੀ ਤੇ ਵਿਚਾਰ’ ਤੇ ਕਦੰਬਰੀ ਗਾਸੋ ਦੀ ‘ਪੋਇਮਜ਼ ਐਂਡ ਐਂਟੀਡਾਟ’ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।