ਪੱਤਰ ਪ੍ਰੇਰਕ
ਮਾਨਸਾ, 7 ਅਪਰੈਲ
ਨਗਰ ਕੌਂਸਲ ਮਾਨਸਾ ਦੀ ਬਜਟ ਮੀਟਿੰਗ ਵਿੱਚ ਰੱਖੇ ਗਏ ਬਜਟ ਨੂੰ ਲੈ ਕੇ ਕੌਂਸਲਰਾਂ ਤੇ ਕਾਰਜ ਸਾਧਕ ਅਫਸਰ ਤੇ ਬਾਕੀ ਕਰਮਚਾਰੀਆਂ ਵਿਚਾਲੇ ਖੂਬ ਬਹਿਸ ਹੋਈ। ਕੌਂਸਲਰਾਂ ਦਾ ਦੋਸ਼ ਸੀ ਕਿ ਏਜੰਡੇ ’ਚ ਦਿਖਾਏ ਬਜਟ ਦੇ ਬ੍ਰਾਂਚ ਵਾਈਜ਼ ਕੋਈ ਤਖ਼ਮੀਨੇ ਪੇਸ਼ ਨਹੀਂ ਕੀਤੇ ਗਏ ਤੇ ਨਾ ਹੀ ਸਬੰਧਤ ਬ੍ਰਾਂਚਾਂ ਦੇ ਇੰਚਾਰਜ ਮੀਟਿੰਗ ’ਚ ਹਾਜ਼ਰ ਸਨ, ਇੱਥੋ ਤੱਕ ਕਿ ਨਗਰ ਕੌਂਸਲ ਦਾ ਲੇਖਾਕਾਰ ਵੀ ਮੀਟਿੰਗ ’ਚ ਹਾਜ਼ਰ ਨਹੀਂ ਸੀ। ਪੰਜ ਵਾਰ ਤੋਂ ਕੌਸਲਰ ਚਲੇ ਆ ਰਹੇ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਨਗਰ ਕੌਸਲ ਦੀ ਮੀਟਿੰਗ ਦੌਰਾਨ ਕੌਂਸਲਰਾਂ ਨੂੰ ਅਣਜਾਣ ਸਮਝਕੇ ਰਬੜ ਸਟੈਂਪ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦਾ ਕੁੱਲ ਬਜਟ 19.46 ਕਰੋੜ ਰੁਪਏ ਪਾਸ ਕੀਤਾ ਗਿਆ, ਪਰ ਇਸ ਉਤੇ ਹੋਈ ਬਹਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਕੌਂਸਲਰ ਪ੍ਰਵੀਨ ਗਰਗ ਟੋਨੀ ਨੇ ਦੱਸਿਆ ਕਿ ਦਿਖਾਏ ਗਏ ਹੈੱਡਾਂ ਵਿੱਚੋਂ ਨਗਰ ਕੌਂਸਲ ਦੇ ਬਿਲਡਿੰਗ ਆਮਦਨੀ ਤੇ ਪ੍ਰਾਪਰਟੀ ਟੈਕਸ ਆਮਦਨੀ ਪਿਛਲੇ ਸਾਲਾਂ ਨਾਲੋਂ ਘੱਟ ਦਿਖਾਈ ਗਈ, ਜਿਸ ’ਤੇ ਤਕਰੀਬਨ ਸਾਰੇ ਕੌਂਸਲਰਾਂ ਨੇਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਧਣ ਨਾਲ ਇਹ ਆਮਦਨੀ ਸਾਲ ਦਰ ਸਾਲ ਵਧਣੀ ਚਾਹੀਦੀ ਹੈ, ਜਦੋਂਕਿ ਨਗਰ ਕੌਂਸਲ ਮਾਨਸਾ ਦੀ ਆਮਦਨੀ ਹਰ ਸਾਲ ਘੱਟ ਹੋ ਰਹੀ ਹੈ। ਕੌਂਸਲਰ ਰੰਜਨਾ ਮਿੱਤਲ ਨੇ ਇਨ੍ਹਾਂ ਵਿੱਚ ਘਪਲਾ ਹੋਣ ਦੇ ਦੋਸ਼ ਲਗਾਏ ਤੇ ਕਸੂਰਵਾਰਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ। 17 ਕੌਂਸਲਰਾਂ ਨੇ ਨਗਰ ਕੌਂਸਲ ’ਚ ਤਾਇਨਾਤ ਇੱਕ ਜੂਨੀਅਰ ਇੰਜ. ਖ਼ਿਲਾਫ਼ ਉਸਦੀਆਂ ਨਗਰ ਕੌਂਸਲ ਵਿਰੋਧੀ ਨੀਤੀਆਂ ਲਈ ਸਸਪੈਂਡ ਕਰਨ ਦਾ ਮਤਾ ਪ੍ਰਧਾਨ ਦੀ ਕੁਰਸੀ ਦੀ ਆਗਿਆ ਨਾਲ ਬਹੁਸੰਮਤੀ ਨਾਲ ਪਾਇਆ ਗਿਆ।
ਨਗਰ ਕੌਂਸਲ ਕਾਰਜ ਸਾਧਕ ਅਫਸਰ ਤਰੁਣ ਕੁਮਾਰ ਦੀ ਬ੍ਰਾਂਚਾਂ ਨੂੰ ਨਾ ਸੁਨੇਹਾ ਲਗਾ ਕੇ ਬੁਲਾਉਣ ਲਈ ਲਿਖਿਆ ਗਿਆ, ਨਾਲ ਹੀ ਇਹ ਵੀ ਲਿਖਿਆ ਗਿਆ ਕਿ ਜੇ ਕਾਰਜ ਸਾਧਕ ਅਫਸਰ ਨੇ ਬ੍ਰਾਂਚਾਂ ਨੂੰ ਸੁਨੇਹਾ ਲਾਇਆ ਤੇ ਉਹ ਮੀਟਿੰਗ ’ਚ ਨਹੀਂ ਆਏ ਤਾਂ ਉਨ੍ਹਾਂ ਬ੍ਰਾਂਚਾਂ ਦੇ ਇੰਚਾਰਜਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਜਦੋਂ ਕਾਰਜ ਸਾਧਕ ਅਫ਼ਸਰ ਤਰੁਣ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਮੀਟਿੰਗ ਨਿਯਮ ਅਨੁਸਾਰ ਹੋਈ ਹੈ ਤੇ ਉਸ ਵਿੱਚ ਉਨ੍ਹਾਂ ਏਜੰਡਿਆਂ ਦਾ ਮੁੱਖ ਰੂਪ ’ਚ ਜ਼ਿਕਰ ਹੁੰਦਾ ਹੈ, ਜਿਨ੍ਹਾਂ ਨੂੰ ਮੀਟਿੰਗ ਲਈ ਰੱਖਿਆ ਜਾਂਦਾ ਹੈ।