ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਤੇ ਉੱਤਰਾਧਿਕਾਰੀ ਸੰਯੁਕਤ ਸੰਗਠਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇਸ ਖ਼ੇਤਰ ਦੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ ਸ਼ਾਮਲ ਹੋਏ। ਮੀਟਿੰਗ ਵਿੱਚ ਸਰਕਾਰਾਂ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਪ੍ਰਤੀ ਅਪਣਾਈ ਲਾਪਰਵਾਹੀ ਵਾਲੀ ਨੀਤੀ ਅਤੇ ਮੰਗਾਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਕਰਨੈਲ ਸਿੰਘ ਬੇਦੀ, ਮੁਖਤਿਆਰ ਸਿੰਘ ਧਿਗਾਣਾ, ਦਰਸ਼ਨ ਸਿੰਘ ਨੇ ਮੰਗ ਕੀਤੀ ਕਿ ਨੌਕਰੀਆਂ ਵਿੱਚ ਰਾਖਵਾਂਕਰਨ ਕੋਟਾ ਪੰਜ ਫੀਸਦੀ ਕਰਕੇ ਉਮਰ ਹੱਦ ਵਧਾਈ ਜਾਵੇ।