ਜੋਗਿੰਦਰ ਸਿੰਘ ਮਾਨ
ਮਾਨਸਾ, 8 ਨਵੰਬਰ
ਪੰਜਾਬ ਸਰਕਾਰ ਵੱਲੋਂ ਕਿਰਤੀਆਂ ਵਾਂਗ ਅੰਗਹੀਣਾਂ ਨੂੰ ਤੋਹਫ਼ਾ ਨਾ ਦਿੱਤੇ ਜਾਣ ਕਾਰਨ ਅੰਗਹੀਣਾਂ ਨੇ ਮਾਨਸਾ ਦੇ ਬੱਸ ਅੱਡੇ ਸਾਹਮਣੇ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਵੇਲੇ ਸਰਕਾਰ ਬਣਨ ’ਤੇ ਅੰਗਹੀਣਾਂ ਦੇ ਰਾਖਵੇਂ ਕੋਟੇ ਅਧੀਨ ਖਾਲੀ ਪਈਆਂ ਬੈਕਲਾਗ ਦੀਆਂ ਅਸਾਮੀਆਂ ਭਰਨ, ਪੈਨਸ਼ਨ ਰਾਸ਼ੀ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਲਈ ਲੋੜੀਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜਰੀਤ ਸਿੰਘ ਚੰਨੀ ਤੋਂ ਆਸ ਜਾਗੀ ਸੀ ਪਰ ਚੰਨੀ ਨੇ ਵੀ ਕਿਰਤੀਆਂ ਨੂੰ ਤਾਂ ਨਕਦ ਰਾਸ਼ੀ ਦਿੱਤੀ ਹੈ ਪਰ ਅੰਗਹੀਣ ਵਰਗ ਨੂੰ ਪਹਿਲਾਂ ਮਿਲਣ ਵਾਲੀ ਪੈਨਸ਼ਨ ਦੀ ਨਾ-ਮਾਤਰ ਰਾਸ਼ੀ ਵੀ ਨਹੀਂ ਦਿੱਤੀ। ਇਸ ਮੌਕੇ ਸੁਖਜੀਤ ਸਿੰਘ ਘੁੱਦੂਵਾਲਾ, ਅਸੀਮ ਕੁਮਾਰ, ਸੁਨੀਲ ਮਸੀਹ, ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।