ਕੁਲਦੀਪ ਸੂਦ
ਹੰਡਿਆਇਆ, 1 ਨਵੰਬਰ
ਐਗਰੀਕਲਚਰ ਟੈਕਨਾਲੌਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ (ਅਟਾਰੀ), ਜ਼ੋਨ-1, ਲੁਧਿਆਣਾ ਦੇ ਡਾਇਰੈਕਟਰ ਡਾ. ਰਾਜਬੀਰ ਸਿੰਘ ਵੱਲੋਂ ਕੇਵੀਕੇ ਹੰਡਿਆਇਆ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਕੇਵੀਕੇ, ਬਰਨਾਲਾ ਵੱਲੋਂ ਕਿਸਾਨ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਕੇਵੀਕੇ, ਹੰਡਿਆਇਆ ਵਿੱਚ ਸਥਾਪਤ ਵੱਖ-ਵੱਖ ਪ੍ਰਦਰਸ਼ਨੀ ਇਕਾਈਆਂ ਦਾ ਦੌਰਾ ਵੀ ਕੀਤਾ ਅਤੇ ਆਪਣੇ ਅਹਿਮ ਸੁਝਾਅ ਦਿੱਤੇ। ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਕੇਵੀਕੇ ਵੱਲੋਂ ਕਿਸਾਨ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ। ਡਾਇਰੈਕਟਰ ਨੇ ਪਿੰਡ ਕੋਠੇ ਚੂੰਗਾਂ ਦੇ ਕਿਸਾਨ ਜਸਵੀਰ ਸਿੰਘ ਦੇ ਖੇਤ ਦਾ ਦੌਰਾ ਕਰ ਹੈਪੀ ਸੀਡਰ ਨਾਲ ਕੀਤੀ ਜਾ ਰਹੀ ਬਿਜਾਈ ਦਾ ਜਾਇਜ਼ਾ ਲਿਆ ਅਤੇ ਕਿਸਾਨ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਨਾਲ ਅਨੁਭਵ ਸਾਝਾਂ ਕੀਤਾ। ਜਸਵੀਰ ਸਿੰਘ ਪਿੰਡ ਕੋਠੇ ਚੂੰਗਾਂ ਨੇ ਦੱਸਿਆ ਕਿ ਕੇ.ਵੀ.ਕੇ, ਹੰਡਿਆਇਆ ਦੇ ਸਹਿਯੋਗ ਨਾਲ ਪਿਛਲੇ ਤਿੰਨ ਸਾਲਾਂ ਤੋ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ।