ਰਵਿੰਦਰ ਰਵੀ
ਬਰਨਾਲਾ, 16 ਸਤੰਬਰ
ਨਗਰ ਕੌਂਸਲ ਦੇ ਦਿਸ਼ਾ ਸੂਚਕ ਬੋਰਡਾਂ ’ਚ ਕਥਿਤ ਘਪਲੇਬਾਜ਼ੀ ਦੇ ਲੱਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਨਾਲ ਸਬੰਧਤ ਕੌਂਸਲਰਾਂ, ਕੌਂਸਲ ਪ੍ਰਧਾਨ, ਮੀਤ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੇ ਆਪਣਾ ਪੱਖ ਰੱਖਣ ਲਈ ਪ੍ਰੈੱਸ ਕਾਨਫਰੰਸ ਕੀਤੀ। ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਨਿਵਾਸੀਆ, ਮੀਤ ਪ੍ਰਧਾਨ ਨਰਿੰਦਰ ਗਰਗ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਰੋਕਣ ਲਈ ਵਿਰੋਧੀਆਂ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਸ਼ਾ ਸੂਚਕ ਬੋਰਡ 7400 ਰੁਪਏ ’ਚ ਨਹੀਂ ਬਲਕਿ 3600 ਰੁਪਏ ਪ੍ਰਤੀ ਬੋਰਡ ਟੈਂਡਰ ਹੋਏ ਹਨ। ਉਨ੍ਹਾਂ ਦੱਸਿਆ ਕਿ 18 ਦਸੰਬਰ 2020 ਨੂੰ ਨਗਰ ਕੌਂਸਲ ਦੇ ਪ੍ਰਬੰਧਕ ਐੱਸਡੀਐੱਮ ਵੱਲੋਂ ਜਾਰੀ ਪੱਤਰ ਨੰਬਰ 41 ਤਹਿਤ 5 ਜਨਵਰੀ 2021 ਨੂੰ ਈ-ਟੈਂਡਰ ਜਾਰੀ ਕੀਤਾ ਗਿਆ ਸੀ। 27 ਜਨਵਰੀ 2021 ਨੂੰ ਟੈਂਡਰ ਕੈਰੇ ਕੋਅਪਰੇਟਿਵ ਸੁਸਾਇਟੀ ਅਤੇ ਦਿ ਹੰਢਿਆਇਆ ਕੋਅਪਰੇਟਿਵ ਸੁਸਾਇਟੀ ਦੇ 18-18 ਲੱਖ ਰੁਪਏ 31 ਵਾਰਡਾਂ ’ਚ ਬੋਰਡ ਲਗਾਉਣ ਲਈ ਖੋਲ੍ਹੇ ਗਏ। ਟਰੱਸਟ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ 15 ਮਾਰਚ 2021 ਨੂੰ ਦੋਵੇਂ ਸੁਸਾਇਟੀਆਂ ਨੂੰ 3600 ਰੁਪਏ ’ਤੇ ਬੋਰਡ ਦੇ ਹਿਸਾਬ ਨਾਲ ਛੇ ਮਹੀਨੇ ਅੰਦਰ ਪੂਰਾ ਕੰਮ ਕਰਨ ਦਾ ਵਰਕ ਆਡਰ ਜਾਰੀ ਕਰ ਦਿੱਤਾ ਗਿਆ। ਜਦੋਂ ਪੱਤਰਕਾਰਾਂ ਪੁੱਛਿਆ ਕਿ ਟੈਂਡਰ ਦਾ ਛੇ ਮਹੀਨੇ ਸਮਾਂ ਪੂਰਾ ਜਾਣ ਦੇ ਬਾਵਜੂਦ ਠੇਕੇਦਾਰਾਂ ਵੱਲੋਂ 1000 ਬੋਰਡਾਂ ਦੀ ਜਗਾ ਸਿਰਫ਼ 465 ਬੋਰਡ ਹੀ ਸਪਲਾਈ ਕੀਤੇ ਗਏ ਹਨ ਤਾਂ ਠੇਕੇਦਾਰਾਂ ਦਾ ਟੈਂਡਰ ਰੱਦ ਕਿਉਂ ਨਹੀਂ ਕੀਤਾ ਗਿਆ ਤਾਂ ਪ੍ਰਧਾਨ ਨੇ ਕਿਹਾ ਕਿ ਇੱਕ ਮਹੀਨੇ ਅੰਦਰ ਬਾਕੀ ਰਹਿੰਦੀ ਸਪਲਾਈ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਆਜ਼ਾਦ ਕੌਂਸਲਰ ਨੇ ਸ਼ਹਿਰੀਆਂ ਨੂੰ ਗੁਮਰਾਹ ਕਰਨ ਲਈ ਘੱਟ ਰੇਟ ਵਾਲੇ ਬੋਰਡ ਲਾਏ ਸਨ। ਉਸ ਖ਼ਿਲਾਫ਼ ਜਲਦ ਹੀ ਕੌਂਸਲ ਵੱਲੋਂ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਜ਼ਾਦ ਕੌਂਸਲਰ ਹੇਮ ਰਾਜ ਗਰਗ ਨੇ ਕੌਂਸਲ ਵੱਲੋਂ ਦਿਸ਼ਾ ਸੂਚਕ ਬੋਰਡਾਂ ’ਚ ਵੱਡੇ ਪੱਧਰ ’ਤੇ ਘਪਲਾ ਹੋਣ ਦੇ ਦੋਸ਼ ਲਾਏ ਸਨ। ਇਨ੍ਹਾਂ ਦੋਸ਼ਾਂ ਕਾਰਨ ਕੌਂਸਲ ’ਤੇ ਕਾਬਜ਼ ਕਾਂਗਰਸੀ ਪ੍ਰਧਾਨ ਅਤੇ ਕਾਂਗਰਸੀ ਕੌਂਸਲਰਾਂ ਦੀ ਸ਼ਹਿਰ ’ਚ ਕਾਫੀ ਕਿਰਕਿਰੀ ਹੋਈ ਸੀ।