ਪੱਤਰ ਪ੍ਰੇਰਕ
ਸ਼ਹਿਣਾ, 17 ਜੂਨ
ਪਿਛਲੇ ਦਿਨੀਂ ਪਏ ਮੀਂਹ ਕਾਰਨ ਅਤੇ ਬਿਜਲੀ ਦੀ ਕਮੀ ਕਾਰਨ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਕਿਸਾਨਾਂ ਨੇ ਵਾਹ ਕੇ ਕੱਦੂ ਵਿਧੀ ਰਾਹੀ ਝੋਨੇ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਕੱਲੇ ਕਸਬੇ ਸ਼ਹਿਣਾ ’ਚ ਕਿਸਾਨਾਂ ਨੇ 70 ਏਕੜ ਦੇ ਕਰੀਬ ਸਿੱਧੀ ਬਿਜਾਈ ਵਾਲਾ ਝੋਨਾ ਵਾਹ ਦਿੱਤਾ ਗਿਆ ਹੈ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਸੀ ਅਤੇ ਕਿਸਾਨਾਂ ਨੇ 25 ਫ਼ੀਸਦੀ ਤੋਂ ਵੱਧ ਸਿੱਧੀ ਬਿਜਾਈ ਕਰ ਵੀ ਦਿੱਤੀ ਸੀ। ਜਰਨੈਲ ਸਿੰਘ ਫੋਗੂਕੇ ਨੇ 15 ਕਿੱਲੇ, ਛੋਟਾ ਸਿੰਘ ਨੇ 4 ਕਿੱਲੇ, ਭੋਲਾ ਸਿੰਘ ਨੇ 8 ਕਿੱਲੇ, ਚਮਕੌਰ ਸਿੰਘ ਨੇ 8 ਕਿੱਲੇ, ਨਿਸ਼ਾਨ ਸਿੰਘ ਨੇ 7 ਕਿੱਲੇ, ਭਦੌੜ ਰੋਡ ’ਤੇ 6 ਕਿੱਲੇ, ਵਿਧਾਤਾ ਰੋਡ ’ਤੇ 8 ਕਿੱਲੇ ਝੋਨਾ ਵਾਹ ਦਿੱਤਾ ਹੈ। ਕਿਸਾਨਾਂ ਅਨੁਸਾਰ ਇਹ ਝੋਨਾ ਕਰੰਡ ਹੋ ਗਿਆ ਸੀ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ 300 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਝੋਨੇ ਦੀ ਬਿਜਾਈ ਵਾਲੀ ਮਸ਼ੀਨ ਆਈ ਸੀ ਪਰ ਬਿਜਲੀ ਨਾ ਆਉਣ ਕਾਰਨ ਪਾਣੀ ਦੀ ਕਮੀ ਰਹੀ। ਸਰਕਾਰ ਜ਼ੋਰ ਤਾਂ ਸਿੱਧੀ ਬਿਜਾਈ ’ਤੇ ਲਾਉਦੀ ਰਹੀ ਪ੍ਰੰਤੂ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਕੀਤਾ। ਕਿਸਾਨ ਹਰਜਿੰਦਰ ਸਿੰਘ ਬਿੱਲੂ ਨੇ ਕਿਹਾ ਕਿ ਕਿਸਾਨ ਨੂੰ ਦੂਹਰਾ ਖਰਚਾ ਪੈ ਗਿਆ ਹੈ। ਸਰਕਾਰ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦੇਵੇ।
ਭਾਰੀ ਮੀਂਹ ਨੇ ਸਿੱਧੀ ਬਿਜਾਈ ’ਤੇ ਕੀਤੀ ਮਾਰ: ਏਡੀਓ
ਬਲਾਕ ਖੇਤੀਬਾੜੀ ਦਫ਼ਤਰ ਸ਼ਹਿਣਾ ਦੇ ਏਡੀਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਾਲਾਂ ਨਾਲੋਂ 10 ਗੁਣਾਂ ਸਿੱਧੀ ਬਿਜਾਈ ਵਾਲਾ ਰਕਬਾ ਵਧਿਆ ਹੈ। ਪਸਿੱਧੀ ਬਿਜਾਈ ਬਹੁਤ ਕਾਮਯਾਬ ਤਕਨੀਕ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਦੀ ਝੋਨੇ ਦੀ ਸਿੱਧੀ ਬਿਜਾਈ ਦੀ ਫ਼ਸਲ ਭਾਰੀ ਮੀਂਹ ਕਾਰਨ ਕਰੰਡ ਹੋਈ ਹੈ ਪਰ ਜ਼ਿਆਦਾਤਰ ਝੋਨਾ ਸਹੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਈਸ਼ਰ ਸਿੰਘ ਵਾਲਾ 12 ਏਕੜ, ਮੌੜਾਂ 15 ਏਕੜ ਅਤੇ ਮੱਲੀਆਂ 80 ਏਕੜ ਤੋਂ ਇਲਾਵਾ ਆਦਿ ਪਿੰਡਾਂ ’ਚ ਸੈਂਕੜੇ ਏਕੜ ਸਿੱਧੀ ਬਿਜਾਈ ਵਾਲਾ ਝੋਨਾ ਸਫਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਡਰਨ ਦੀ ਲੋੜ ਨਹੀ ਹੈ, ਜੇ ਕੋਈ ਦਿੱਕਤ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।