ਪੱਤਰ ਪ੍ਰੇਰਕ
ਟੱਲੇਵਾਲ, 24 ਜੂਨ
ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਕਾਰਨ ਵੱਡੀ ਗਿਣਤੀ ਵਿੱਚ ਕਿਸਾਨਾਂ ਵਲੋਂ ਇਸ ਵਾਰ ਸਿੱਧੀ ਬਿਜਾਈ ਰਾਹੀਂ ਝੋਨਾ ਬੀਜਿਆ ਗਿਆ ਪਰ ਸਿੱਧੀ ਬਿਜਾਈ ਵਾਲੇ ਝੋਨੇ ਦੀ ਕਿਸਾਨਾਂ ਨੂੰ ਸਮੱਸਿਆ ਆਉਣ ਲੱਗੀ ਹੈ। ਜਿੱਥੇ ਪਿਛਲੇ ਦਿਨੀਂ ਮੀਂਹ ਪੈਣ ਕਾਰਨ ਸਿੱਧੀ ਬਿਜਾਈ ਵਾਲਾ ਝੋਨਾ ਕਰੰਡ ਹੋ ਗਿਆ। ਉਥੇ ਹੁਣ ਸਿੱਧੀ ਬਿਜਾਈ ਵਾਲਾ ਝੋਨਾ ਪੀਲਾ ਪੈਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਵਲੋਂ ਕਈ ਕਈ ਸਪਰੇਆਂ ਕਰਨ ਦੇ ਬਾਵਜੂਦ ਕੋਈ ਫ਼ਰਕ ਨਹੀਂ ਪੈ ਰਿਹਾ। ਜਿਸ ਕਰ ਕੇ ਬਹੁਤੇ ਕਿਸਾਨਾਂ ਵਲੋਂ ਤਾਂ ਸਿੱਧੀ ਬਿਜਾਈ ਵਾਲਾ ਝੋਨਾ ਵਾਹ ਕੇ ਕੱਦੂ ਕਰ ਕੇ ਝੋਨਾ ਲਗਾਉਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਗਹਿਲ ਦੇ ਕਿਸਾਨ ਜੱਜ ਸਿੰਘ ਨੇ ਦੱਸਿਆ ਕਿ ਉਸ ਵਲੋਂ 3 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਰਾਹੀਂ ਝੋਨਾ ਲਗਾਇਆ ਗਿਆ ਹੈ ਪਰ ਝੋਨਾ ਪੀਲਾ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ 2-4 ਦਿਨਾਂ ’ਚ ਕੋਈ ਫ਼ਰਕ ਨਾ ਪਿਆ ਤਾਂ ਉਹ ਇਸ ਝੋਨੇ ਨੂੰ ਵਾਹ ਕੇ ਕੱਦੂ ਕਰ ਕੇ ਝੋਨਾ ਲਗਾਉਣ ਲਈ ਮਜਬੂਰ ਹੋਣਗੇ।