ਪੱਤਰ ਪੇ੍ਰਕ
ਬਰੇਟਾ 3 ਮਈ
ਪਿੰਡ ਬਖਸ਼ੀਵਾਲਾ ਲਾਗੇ ਬੀਤੀ ਰਾਤ ਇੱਕ ਮੋਟਰਸਾਈਕਲ ਤੇ ਕਾਰ ਵਿਚਾਲੇ ਵਾਪਰੇ ਭਿਆਨਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਅਮਨਦੀਪ ਸਿੰਘ ਪੁੱਤਰ ਕੇਵਲ ਸਿੰਘ ਪਿੰਡ ਜੁਗਲਾਣ (35) ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਲਿਜਾਂਦੇ ਸਮੇਂ ਰਾਹ ’ਚ ਹੀ ਉਸ ਦੀ ਮੌਤ ਹੋ ਗਈ।
ਮ੍ਰਿਤਕ ਅਮਨਦੀਪ ਸਿੰਘ ਦੇ ਵਾਰਸਾਂ ਵੱਲੋਂ ਪਹਿਲਾਂ ਰਾਤ ਨੂੰ ਪਿੰਡ ਬਖਸ਼ੀਵਾਲਾ ਲਾਗੇ ਧਰਨਾ ਲਗਾਇਆ ਗਿਆ ਤੇ ਅੱਜ ਸਵੇਰੇ ਥਾਣੇ ਦੇ ਬਾਹਰ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ। ਧਰਨੇ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਸਨ। ਇਸ ਮੌਕੇ ਉਪ ਕਪਤਾਨ ਬੁਢਲਾਡਾ ਸੁਖਅੰਮ੍ਰਿਤ ਸਿੰਘ ਬਰੇਟਾ ਥਾਣੇ ਪੁੱਜੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਧਰਨਾ ਬਾਅਦ ਦੁਪਹਿਰ 4 ਵਜੇ ਤੱਕ ਜਾਰੀ ਰਿਹਾ ਅਤੇ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿਵਾਏ ਜਾਣ ਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ। ਥਾਣਾ ਮੁਖੀ ਪ੍ਰਵੀਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਾਰ ਚਾਲਕ ਹਰਬੰਸ ਸਿੰਘ ਬੁਢਲਾਡਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ ਸਬੰਧਤ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮੁਲਜ਼ਮ ਦੀ ਭਾਲ ਜਾਰੀ ਹੈ। ਇਸ ਮੌਕੇ ਧਰਨਾਕਾਰੀਆਂ ਤਾਰਾ ਚੰਦ, ਸਾਬਕਾ ਸਰਪੰਚ ਕੁਲਵੀਰ ਸਿੰਘ, ਪਿਆਰਾ ਸਿੰਘ, ਸੱਤਪਾਲ ਸਿੰਘ ਜੁਗਲਾਣ, ਜੱਗਾ ਸਿੰਘ ਜੁਗਲਾਣ ਤੇ ਮ੍ਰਿਤਕ ਦੇ ਜੀਂਦ (ਹਰਿਆਣਾ) ਤੋਂ ਪੁੱਜੇ ਰਿਸ਼ਤੇਦਾਰ ਮੁਲਜ਼ਮ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਰਹੇ ਸਨ। ਅੰਤ ਵਿੱਚ ਸਖਤ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਮਗਰੋਂ ਇਹ ਧਰਨਾ ਚੁੱਕਿਆ ਗਿਆ ਅਤੇ ਪੋਸਟਮਾਰਟਮ ਮਗਰੋਂ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।