ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 25 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਮੁਕਤਸਰ ਦੇ ਡੀਸੀ ਦਫਤਰ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਪਰ ਹਾਲੇ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਧਰਨੇ ਦਾ ਨੋਟਿਸ ਨਾ ਲਏ ਜਾਣ ਤੋਂ ਮੁਜ਼ਾਹਰਾਕਾਰੀ ਖ਼ਫ਼ਾ ਹਨ|
ਧਰਨੇ ਵਿੱਚ ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਖੇਤ ਮਜ਼ਦੂਰ ਦੇ ਪ੍ਰਧਾਨ ਗੁਰਜੰਟ ਸਿੰਘ ਸਿੰਘੇਵਾਲਾ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਥੇਬੰਦੀਆਂ ਨੂੰ ਭਰੋਸਾ ਦੇਣ ਦੇ ਬਾਵਜੂਦ ਹਾਲੇ ਤੱਕ ਕੋਈ ਮੰਗ ਪੂਰੀ ਨਹੀਂ ਕੀਤੀ ਗਈ| ਧਰਨਕਾਰੀਆਂ ਨੇ ਮੀਂਹ ਕਾਰਨ ਨੁਕਸਾਨੀਆਂ ਫਸਲਾਂ ਅਤੇ ਮਕਾਨਾਂ, ਲੰਪੀ ਸਕਿਨ ਕਾਰਨ ਪਸ਼ੂਆਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਤੇ ਮਨਰੇਗਾ ਸਕੀਮ ਲਾਗੂ ਕਰਨ ਤੇ ਡਰੇਨੇਜ਼ ਦਫਤਰ ਗਿਦੜਬਾਹਾ ਤੋਂ ਬਦਲਕੇ ਫਿਰੋਜ਼ਪੁਰ ਨਾ ਲਿਜਾਣ ਦੀ ਮੰਗ ਕੀਤੀ ਹੈ|
ਦੂਜੇ ਪਾਸੇ ਡੀਸੀ ਵਿਨੀਤ ਕੁਮਾਰ ਨੇ ਕਿਹਾ ਕਿ ਮੰਗਾਂ ਸਬੰਧੀ ਕਿਸਾਨਾਂ ਤੇ ਮਜ਼ਦੂਰਾਂ ਨਾਲ ਪਹਿਲਾਂ ਵੀ ਦੋ ਬੈਠਕਾਂ ਹੋ ਚੁੱਕੀਆਂ ਹਨ ਤੇ ਉਨ੍ਹਾਂ ’ਤੇ ਕੰਮ ਚੱਲ ਰਿਹਾ ਹੈ| ਹੁਣ ਵੀ ਉਹ ਕਿਸੇ ਅਧਿਕਾਰੀ ਨੂੰ ਧਰਨੇ ਨੂੰ ਵਿੱਚ ਭੇਜਣਗੇ ਤੇ ਮੈਡੀਕਲ ਟੀਮ ਦਾ ਪ੍ਰਬੰਧ ਕਰ ਦੇਣਗੇ।
ਖਰਾਬੇ ਦਾ ਮੁਆਵਜ਼ਾ ਲੈਣ ਲਈ ਧਰਨਾ
ਰਾਮਪੁਰਾ ਫੂਲ/ਚਾਉਕੇ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 14 ਅਗਸਤ ਦੀ ਰਾਤ ਨੂੰ ਪਏ ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦੀ ਪ੍ਰਸ਼ਾਸਨ ਵੱਲੋਂ ਗਿਰਦਾਵਰੀ ਨਾ ਕਰਨ ਖ਼ਿਲਾਫ਼ ਬਾਲਿਆਂਵਾਲੀ ਸਬ ਤਹਿਸੀਲ ਵਿੱਚ ਧਰਨਾ ਦਿੱਤਾ। ਜਥੇਬੰਦੀ ਦੇ ਬਲਾਕ ਆਗੂਆਂ ਮਾਸਟਰ ਸੁਖਦੇਵ ਸਿੰਘ ਜਵੰਦਾ, ਬੂਟਾ ਸਿੰਘ ਬੱਲੋਂ ਨੇ ਕਿਹਾ ਕਿ ਫਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਉਣ ਲਈ ਨਾਇਬ ਤਹਿਸੀਲ ਬਾਲਿਆਂਵਾਲੀ ਵਿੱਚ ਧਰਨਾ ਲਾ ਕੇ ਤਹਿਲੀਲਦਾਰ ਕੁਲਦੀਪ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਗਿਰਦਾਵਰੀ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਪਰ ਅਜਿਹਾ ਨਾ ਹੋਣ ’ਤੇ ਫਿਰ ਧਰਨਾ ਲਾਇਆ ਜਾਵੇਗਾ।