ਪੱਤਰ ਪ੍ਰੇਰਕ
ਜ਼ੀਰਾ,7 ਦਸੰਬਰ
ਪੰਜਾਬ ਸਰਕਾਰ ਵੱਲੋਂ ਪੰਜਾਬ ਲੇਬਰ ਯੂਨੀਅਨ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਕਰਕੇ ਪੂਰੇ ਪੰਜਾਬ ਵਿੱਚ ਲੇਬਰ ਯੂਨੀਅਨ ਨੇ ਮੰਗਾਂ ਮੰਨਵਾਉਣ ਲਈ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ। ਇਸੇ ਤਹਿਤ ਪੰਜਾਬ ਲੇਬਰ ਯੂਨੀਅਨ ਜ਼ੀਰਾ ਦੇ ਸਮੂਹ ਪੱਲੇਦਾਰਾਂ ਨੇ ਰਲ ਕੇ ਪੰਜਾਬ ਰਾਜ ਗੁਦਾਮ ਨਿਗਮ ਜ਼ੀਰਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਸਮੇਂ ਯੂਨੀਅਨ ਦੇ ਪ੍ਰਧਾਨ ਛਿੰਦਰ ਸਿੰਘ ਨੇ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਕਾਂਗਰਸ ਸਰਕਾਰ ਦਾ ਸਖ਼ਤੀ ਨਾਲ ਵਿਰੋਧ ਕਰਾਂਗੇ। ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਹਰਦੇਵ ਸਿੰਘ, ਸੁਖਦੇਵ ਸਿੰਘ, ਗੋਰਾ ਸਿੰਘ, ਬਾਬੂ ਰਾਮ, ਕੁਲਵਿੰਦਰ ਸਿੰਘ ਮੌਜੂਦ ਸਨ।
ਮਜ਼ਦੂਰਾਂ ਵੱਲੋਂ ਰੇਲ ਜਾਮ ਦੇ ਪ੍ਰੋਗਰਾਮ ਲਈ ਲਾਮਬੰਦੀ
ਭਗਤਾ ਭਾਈ (ਪੱਤਰ ਪ੍ਰੇਰਕ): ਸਾਂਝੇ ਮਜ਼ਦੂਰ ਮੋਰਚੇ ਵੱਲੋਂ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਪੰਜਾਬ ਵਿੱਚ 12 ਦਸੰਬਰ ਨੂੰ ਦਿੱਤੇ ਰੇਲ ਜਾਮ ਦੇ ਪ੍ਰੋਗਰਾਮ ਦੀ ਲਾਮਬੰਦੀ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਭਗਤਾ ਭਾਈ ਵੱਲੋਂ ਪਿੰਡ ਦਿਆਲਪੁਰਾ ਮਿਰਜ਼ਾ, ਮਲੂਕਾ, ਬੁਰਜ਼ ਥਰੋੜ ਤੇ ਗੁਰੂਸਰ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾਗੁਰੂ, ਮਲਕੀਤ ਸਿੰਘ ਦਿਆਲਪੁਰਾ, ਬਿੱਕਰ ਸਿੰਘ ਮਲੂਕਾ ਹਾਜ਼ਰ ਸਨ।
ਡੀਸੀ ਤੇ ਮਜ਼ਦੂਰ ਜਥੇਬੰਦੀਆਂ ’ਚ ਹੋਈ ਸੁਲ੍ਹਾ ; 14 ਦਾ ਘਿਰਾਓ ਮੁਅੱਤਲ
ਬਰਨਾਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹੇ ਨਾਲ ਸਬੰਧਤ ਤਿੰਨ ਖੱਬੇ ਪੱਖੀ ਮਜ਼ਦੂਰ ਟਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਭੋਲਾ ਸਿੰਘ ਕਲਾਲ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਲਬਿਰੇਸ਼ਨ ਦੇ ਆਗੂ ਗੁਰਪ੍ਰੀਤ ਰੂੜੇਕੇ, ਏਕਟ ਦੇ ਖੁਸ਼ੀਆ ਸਿੰਘ ਬਰਨਾਲਾ ਤੇ ਸੀਟੂ ਪੰਜਾਬ ਦੇ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਪਿਛਲੇ ਕੁੱਝ ਹਫ਼ਤਿਆਂ ਤੋਂ ਡੀਸੀ ਬਰਨਾਲਾ ਵਿਰੋਧੀ ਅਰਥੀ ਸਾੜ ਪ੍ਰਦਰਸ਼ਨਾਂ ਉਪਰੰਤ ਡੀਸੀ ਨੇ ਆਗੂਆਂ ਨਾਲ ਮੀਟਿੰਗ ਕਰਕੇ ਵੱਖ-ਵੱਖ ਵਿਭਾਗਾਂ ’ਚ ਲਟਕਦੇ ਮਜ਼ਦੂਰ ਮਸਲਿਆਂ ਦੇ ਹੱਲ ਲਈ ਜਿੱਥੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਉੱਥੇ ਸਾਰੇ ਮਸਲੇ ਜਲਦ ਹੀ ਹੱਲ ਕੀਤੇ ਜਾਣ ਦਾ ਜਥੇਬੰਦਕ ਆਗੂਆਂ ਨੂੰ ਭਰੋਸਾ ਦਵਾਇਆ ਹੈ। ਸਿੱਟੇ ਵਜੋਂ ਆਗੂਆਂ ਨੇ 14 ਦਸੰਬਰ ਨੂੰ ਐਲਾਨੇ ਡੀਸੀ ਦਫਤਰ ਬਰਨਾਲਾ ਵਿੱਚ ਘਿਰਾਓ ਧਰਨੇ ਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰੰਤੂ 14 ਦਸੰਬਰ ਨੂੰ ਪੰਜਾਬ ਸਰਕਾਰ ਖਿਲਾਫ਼ ਰੈਲੀ ਜ਼ਰੂਰ ਕੀਤੀ ਜਾਵੇਗੀ।