ਪੱਤਰ ਪ੍ਰੇਰਕ
ਰਾਮਪੁਰਾ ਫੂਲ (ਭਾਈਰੁੂਪਾ), 16 ਅਪਰੈਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਈਰੂਪਾ ਦੇ ਵਰਕਰ ਦੀ ਗ੍ਰਿਫਤਾਰੀ ਨੂੰ ਲੈ ਕੇ ਥਾਣਾ ਫੂਲ ਅੱਗੇ ਧਰਨਾ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਭਾਈਰੂਪਾ ਅਕਾਲੀ ਵਰਕਰ ਲੱਕੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮਹਿਲਾ ਸਿੰਘ ਅਤੇ ਕਾਂਗਰਸ ਦੇ ਵਰਕਰ ਰਾਜਾ ਸਿੰਘ ਦੀ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਦੌਰਾਨ ਚੱਲੀ ਆ ਰਹੀ ਰੰਜਿਸ਼ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ ਅਤੇ ਗੱਲ ਗਾਲੀ ਗਲੋਚ ਤੱਕ ਪੁੱਜ ਗਈ। ਲੱਕੀ ਨੇ ਦੱਸਿਆ ਕਿ ਪ੍ਰਧਾਨਗੀ ਦੀ ਚੋਣ ਸਮੇਂ ਕਾਂਗਰਸ ਦੇ ਐਮਸੀ ਤਾਂ ਭੱਜ ਗਏ ਜਿਸ ਕਰਕੇ ਪ੍ਰਧਾਨਗੀ ਦੀ ਚੋਣ ਨਹੀਂ ਹੋ ਸਕੀ। ਅਕਾਲੀ ਵਰਕਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਧਾਇਕ ਦੀ ਕਥਿਤ ਸ਼ਹਿ ’ਤੇ ਥਾਣਾ ਫੂਲ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਅਕਾਲੀ ਆਗੂ ਮਹਿਲਾ ਸਿੰਘ ਜੋ ਕਿ ਕੰਬਾਇਨ ਨਾਲ ਕਣਕ ਵੱਢ ਰਿਹਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਜੋ ਥਾਣਾ ਫੂਲ ਹਵਾਲਾਤ ਵਿੱਚ ਬੰਦ ਹੈ। ਇਸ ਗ੍ਰਿਫਤਾਰੀ ਨੂੰ ਲੈ ਕੇ ਅਕਾਲੀ ਵਰਕਰਾਂ ਨੇ ਥਾਣਾ ਫੂਲ ਵਿੱਚ ਧਰਨਾ ਦਿੱਤਾ ਅਤੇ ਗੁੱਸੇ ਵਿੱਚ ਆਏ ਅਕਾਲੀ ਵਰਕਰਾਂ ਨੇ ਗੁਰਪ੍ਰੀਤ ਸਿੰਘ ਕਾਂਗੜ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਥਾਣਾ ਮੁਖੀ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਦਈ ਰਾਜਾ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਮਹਿਲਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।