ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 2 ਨਵੰਬਰ
ਇੱਕ ਮਧੂ ਮੱਖੀ ਪਾਲਕ ਕਿਸਾਨ ਦੇ ਪਿੰਡ ਤਿਉਣਾ ਪੁਜਾਰੀਆਂ ਵਿੱਚ ਰੱਖੇ ਮਧੂ ਮੱਖੀਆਂ ਦੇ ਬਕਸਿਆਂ ਦੀ ਮੱਛੀਆਂ ਦੇ ਇੱਕ ਠੇਕੇਦਾਰ ਵੱਲੋਂ ਜੇਸੀਬੀ ਮਸ਼ੀਨ ਨਾਲ ਕਥਿੱਤ ਤੌਰ ’ਤੇ ਭੰਨ੍ਹਤੋੜ ਕਰਨ ਅਤੇ ਗਲਤ ਤਰੀਕੇ ਨਾਲ ਅੱਗ ਲਗਾਉਣ ’ਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਮਧੂ ਮੱਖੀ ਪਾਲਕਾਂ ਦੀ ਜੱਥੇਬੰਦੀ ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਅੱਜ ਸਥਾਨਕ ਥਾਣੇ ਅੱਗੇ ਧਰਨਾ ਦੇ ਕੇ ਤਲਵੰਡੀ ਸਾਬੋ-ਮਾਨਸਾ ਸੜਕ ਮਾਰਗ ਜਾਮ ਕਰ ਦਿੱਤਾ ਪਰ ਸ਼ਾਮ ਨੂੰ ਥਾਣਾ ਮੁਖੀ ਵੱਲੋਂ ਠੇਕੇਦਾਰ ਖ਼ਿਲਾਫ਼ ਕੱਲ੍ਹ ਤੱਕ ਕਾਰਵਾਈ ਕੀਤੇ ਜਾਣ ਦੇ ਦਿਵਾਏ ਭਰੋਸੇ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਧਰਨੇ ਨੂੰ ਸਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਗੁਰਦੀਪ ਸਿੰਘ, ਮਹਿੰਦਰ ਸਿੰਘ, ਹਰਦੇਵ ਸਿੰਘ ਅਤੇ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਨਰਪਿੰਦਰ ਸਿੰਘ ਧਾਲੀਵਾਲ ਅਤੇ ਜਤਿੰਦਰ ਸੋਹੀ ਨੇ ਕਿਹਾ ਕਿ ਕਿਸਾਨ ਅਵਤਾਰ ਸਿੰਘ ਕਾਲਾ ਵਾਸੀ ਭੈਣੀ ਬਾਘਾ ਨੇ ਪਿੰਡ ਤਿਊਣਾ ਪੁਜ਼ਾਰੀਆਂ ਦੀ ਪੰਚਾਇਤੀ ਜ਼ਮੀਨ ਵਿੱਚ 25 ਦਿਨ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਰੱਖੇ ਸਨ। ਜਿਨ੍ਹਾਂ ਦੀ ਮੱਛੀ ਪਾਲਣ ਦਾ ਕੰਮ ਕਰਨ ਵਾਲੇ ਬਠਿੰਡਾ ਦੇ ਇੱਕ ਠੇਕੇਦਾਰ ਨੇ ਕੁਝ ਦਿਨ ਪਹਿਲਾਂ ਬਿਨਾਂ ਕਿਸੇ ਕਾਰਨ ਮਧੂ ਮੱਖੀ ਪਾਲਕ ਨੂੰ ਬਿਨਾਂ ਸੂਚਨਾ ਦਿੱਤੇ ਹੀ ਜੇਸੀਬੀ ਮਸ਼ੀਨ ਨਾਲ ਭੰਨ੍ਹਤੋੜ ਕਰ ਦਿੱਤੀ ਅਤੇ ਗਲਤ ਤਰੀਕੇ ਨਾਲ ਅੱਗ ਲਗਾ ਦਿੱਤੀ। ਜਿਸ ਨਾਲ ਮਧੂ ਮੱਖੀ ਪਾਲਕ ਕਿਸਾਨ ਦਾ ਵੱਡਾ ਨੁਕਸਾਨ ਹੋ ਗਿਆ। ਬੁਲਾਰਿਆਂ ਨੇ ਕਿਹਾ ਕਿ ਕਥਿੱਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਕੇ ਪੀੜ੍ਹਤ ਮਧੂ ਮੱਖੀ ਪਾਲਕ ਨੂੰ ਉਸਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇ। ਦੂਜੇ ਪਾਸੇ ਥਾਣਾ ਮੁਖੀ ਮਨਿੰਦਰ ਸਿੰਘ ਵੱਲੋਂ ਕੱਲ੍ਹ ਤੱਕ ਕਾਰਵਾਈ ਕਰਨ ਦੇ ਦਿਵਾਏ ਭਰੋਸੇ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।