ਇਕਬਾਲ ਸ਼ਾਂਤ
ਲੰਬੀ, 3 ਅਪਰੈਲ
ਕਿਸਾਨ ਆਗੂਆਂ ਨੂੰ ਝੂਠੇ ਕੇਸ ’ਚ ਫਸਾਉਣ ਖ਼ਿਲਾਫ਼ ਅੱਜ ਭਾਕਿਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਲੰਬੀ ਥਾਣੇ ਅੱਗੇ ਧਰਨਾ ਦਿੱਤਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਨਸਾਫ਼ ਦਾ ਭਰੋਸਾ ਦੇ ਕੇ ਧਰਨਾ ਚੁੱਕਵਾਇਆ। ਧਰਨੇ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸੇਵੇਵਾਲਾ ਵੀ ਪੁੱਜੇ ਹੋਏ ਸਨ।
ਧਰਨੇ ਨੂੰ ਸੰਬੌਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸੇਵੇਵਾਲਾ, ਗੁਰਪਾਸ਼ ਸਿੰਘ, ਤਰਸੇਮ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਸਿੰਘੇਵਾਲਾ, ਭੁਪਿੰਦਰ ਸਿੰਘ ਚੰਨੂ, ਬਲਾਕ ਸੰਗਤ ਦੇ ਆਗੂ ਕੁਲਵੰਤ ਰਾਏ, ਆਰ.ਐੱਮ.ਪੀ. ਐਸੋਸੀਏਸ਼ਨ ਦੇ ਆਗੂ ਡਾ. ਮਨਜਿੰਦਰ ਸਰਾਂ ਤੇ ਅਧਿਆਪਕ ਆਗੂ ਕੁਲਦੀਪ ਸ਼ਰਮਾ ਨੇ ਦੋਸ਼ ਲਾਇਆ ਕਿ ਜਬਰ-ਜਨਾਹ ਦੇ ਕੇਸ ’ਚ ਨਾਮਜ਼ਦ ਮੁਲਜ਼ਮ ਨੂੰ ਬਚਾਉਣ ਲਈ ਇਲਾਕੇ ਦੇ ਅਕਾਲੀ, ਕਾਂਗਰਸੀ ਲੀਡਰਾਂ ਵੱਲੋਂ ਪੀੜਤ ਪਰਿਵਾਰ ਸਮੇਤ ਮਜ਼ਦੂਰ ਕਿਸਾਨ ਆਗੂਆਂ ਉੱਤੇ ਸਮਝੌਤੇ ਲਈ ਦਬਾਅ ਪਾਇਆ ਗਿਆ ਸੀ। ਪੀੜਤ ਪਰਿਵਾਰ ਤੇ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਸਮਝੌਤਾ ਤਜਵੀਜ਼ ਠੁਕਰਾ ਦਿੱਤੀ ਗਈ।
ਇਸੇ ਗੱਲ ਤੋਂ ਖਫ਼ਾ ਹੋ ਕੇ ਕਾਂਗਰਸੀ ਸਰਪੰਚ ਅਤੇ ਭਾਜਪਾ ਲੀਡਰਾਂ ਵੱਲੋਂ ਮੁਲਜ਼ਮ ਜਗੀਰਦਾਰ ਦੇ ਪਰਿਵਾਰ ਦੀ ਜ਼ਮੀਨ ਵਾਹ ਰਹੇ ਕਾਂਗਰਸੀ ਪੰਚ ਤੋਂ ਕਿਸਾਨ ਆਗੂ ਗੁਰਪਾਸ਼ ਸਿੰਘੇਵਾਲਾ ਤੇ ਦਲਜੀਤ ਸਿੰਘ ਸਮੇਤ ਹੋਰ ਕਿਸਾਨ ਆਗੂਆਂ ਖਿਲਾਫ ਉਸ ਨੂੰ ਜਾਤੀ ਸੂਚਕ ਸਬਦ ਵਰਤਣ ਦੀ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ।
ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਆਗੂ ਦਲਜੀਤ ਸਿੰਘ ਅਤੇ ਉਸਦੀ ਪਤਨੀ ਉੱਤੇ ਹਮਲਾ ਕਰਨ, ਕਿਸਾਨ ਆਗੂ ਦੀ ਦਾੜੀ ਪੁੱਟ ਕੇ ਅਤੇ ਪੱਗ ਉਤਾਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਚਾਉਣ ਵਾਲੇ ਕਾਂਗਰਸੀ ਸਰਪੰਚ ਵਰਿੰਦਰ ਸਿੰਘ ਪੱਪੀ ਖਿਲਾਫ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੁਲੀਸ ਵੱਲੋਂ ਕਾਰਵਾਈ ਨਹੀਂ ਕੀਤੀ। ਧਰਨੇ ’ਚ ਅਸਲ ਮੁਲਜ਼ਮਾਂ ਨੂੰ ਫੜਨ ਦੀ ਮੰਗ ਕੀਤੀ। ਧਰਨੇ ਦੇ ਆਖ਼ਰ ਵਿੱਚ ਡੀ.ਐੱਸ.ਪੀ ਜਸਪਾਲ ਸਿੰਘ ਨੇ ਸਮੁੱਚੇ ਮਾਮਲਿਆਂ ’ਚ ਨਿਰਪੱਖ ਪੜਤਾਲ ਅਤੇ ਸਮੁੱਚੇ ਬਕਾਏ ਮਾਮਲੇ ਸੁਲਝਾਉਣ ਦਾ ਭਰੋਸਾ ਦਿੱਤਾ।