ਕਰਨ ਭੀਖੀ
ਭੀਖੀ, 26 ਅਕਤੂਬਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਇਥੋਂ ਦੇ ਥਾਣੇ ਅੰਦਰ ਜ਼ੇਰੇ ਇਲਾਜ ਮਰੀਜ਼ ਨੂੰ ਰੱਖ ਕੇ ਪੁਲੀਸ ਪ੍ਰਸ਼ਾਸਨ ਵਿਰੁੱਧ ਧਰਨਾ ਅਤੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਸੇਵਕ ਸਿੰਘ ਮਾਨਬੀਬੜੀਆਂ ਨੇ ਕਿਹਾ ਕਿ ਪਿੰਡ ਫਫੜੇ ਭਾਈਕੇ ਵਿੱਚ ਤਕਰੀਬਨ ਦੋ ਮਹੀਨੇ ਪਹਿਲਾਂ ਪਿੰਡ ਦੇ ਹੀ ਹੈਂਕੜਬਾਜ਼ ਕਿਸਾਨ ਨੇ ਆਪਣੇ ਟਰੈਕਟਰ ਹੇਠ ਦਰੜਕੇ ਪਿੰਡ ਦੇ ਦੋ ਗਰੀਬ ਮਜ਼ਦੂਰਾਂ ਦੀਆਂ ਦਰਜਨ ਦੇ ਕਰੀਬ ਬੱਕਰੀਆਂ ਮਾਰ ਦਿੱਤੀਆਂ ਸਨ ਅਤੇ ਨਾਲ ਹੀ ਦੋ ਬੱਕਰੀਆਂ ਚਾਰਨ ਵਾਲੇ ਮਜ਼ਦੂਰਾਂ ਨੂੰ ਵੀ ਫੱਟੜ ਕਰ ਦਿੱਤਾ ਸੀ ਪਰ ਫਿਰ ਵੀ ਪੁਲੀਸ ਵੱਲੋਂ ਮੁਲਜ਼ਮਾਂ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਵਰਤੀ ਅਣਗਹਿਲੀ ਦੇ ਰੋਸ ਵਜੋਂ ਅੱਜ ਥਾਣਾ ਭੀਖੀ ਵਿੱਚ ਧਰਨਾ ਦੇਣਾ ਪਿਆ ਹੈ। ਇਸ ਦੌਰਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮਾਮਲੇ ਨੂੰ ਜਲਦੀ ਨਾ ਹੱਲ ਕੀਤਾ ਤਾਂ ਜਥੇਬੰਦੀ ਵੱਲੋਂ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਉਧਰ ਥਾਣਾ ਮੁਖੀ ਵੱਲੋਂ ਮਾਮਲੇ ਨੂੰ ਸੁਲਝਾਉਣ ਦਾ ਭਰੋਸਾ ਦੇਣ ’ਤੇ ਮਜ਼ਦੂਰਾਂ ਵੱਲੋਂ ਧਰਨਾ ਚੁੱਕ ਲਿਆ।