ਰਾਜਿੰਦਰ ਵਰਮਾ
ਭਦੌੜ, 27 ਅਗਸਤ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਵਜ਼ੀਰ ਸਿੰਘ ਨਾਲ ਕਰਫ਼ਿਊ ਦੌਰਾਨ ਹੋਈ ਕਥਿਤ ਪੁਲੀਸ ਵਧੀਕੀ ਵਿਰੁੱਧ ਕਿਸਾਨ ਯੂਨੀਅਨ ਵੱਲੋਂ ਸਵੇਰੇ ਥਾਣਾ ਭਦੌੜ ਅੱਗੇ ਧਰਨਾ ਲਗਾਇਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਕੁਲਵੰਤ ਸਿੰਘ ਮਾਨ, ਭੋਲਾ ਸਿੰਘ ਛੰਨਾ ਅਤੇ ਲਖਵੀਰ ਸਿੰਘ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਯੂਨੀਅਨ ਦੇ ਆਗੂ ਵਜ਼ੀਰ ਸਿੰਘ ਨਾਲ ਕੀਤੀ ਵਧੀਕੀ ਨਾ ਸਹਿਣਯੋਗ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਲੌਕਡਾਊਨ ਸ਼ੁਰੂ ਹੁੰਦਿਆਂ ਹੀ ਧੱਕੇਸ਼ਾਹੀ ’ਤੇ ਉਤਰ ਆਉਂਦੀ ਹੈ ਤੇ ਧੱਕੇ ਨਾਲ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਥਾਣੇਦਾਰ ਵੱਲੋਂ ਧਰਨੇ ’ਚ ਆ ਕੇ ਮੁਆਫ਼ੀ ਨਹੀਂ ਮੰਗੀ ਜਾਂਦੀ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ। ਇਸ ਦੌਰਾਨ ਜਦੋਂ ਧਰਨਕਾਰੀਆਂ ਨਾਲ ਪੁਲੀਸ ਵੱਲੋਂ ਕੋਈ ਗੱਲਬਾਤ ਨਾ ਕੀਤੀ ਗਈ ਤਾਂ ਯੂਨੀਅਨ ਨੇ ਥਾਣੇ ਅੱਗੋਂ ਧਰਨਾ ਚੁੱਕ ਕੇ ਮੁੱਖ ਤਿੰਨਕੋਣੀ ਚੌਂਕ ’ਤੇ ਧਰਨਾ ਲਗਾ ਕੇ ਮੁੱਖ ਮਾਰਗ ਜਾਮ ਕਰ ਦਿੱਤਾ।
ਸੱਤ ਘੰਟੇ ਚੱਲੇ ਧਰਨੇ ਵਿੱਚ ਜਦੋਂ ਕੋਈ ਵੀ ਅਧਿਕਾਰੀ ਧਰਨਾਕਾਰੀਆਂ ਨਾਲ ਗੱਲ ਕਰਨ ਨਾ ਆਇਆ ਤਾਂ ਯੂਨੀਅਨ ਨੇ ਫ਼ੈਸਲਾ ਕੀਤਾ ਕਿ 7 ਸਤੰਬਰ ਨੂੰ ਮੁੜ ਭਦੌੜ ਵਿੱਚ ਧਰਨਾ ਲਗਾਇਆ ਜਾਵੇਗਾ। ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਰਾਤ ਸਾਢੇ ਅੱਠ ਵਜੇ ਕਰਫ਼ਿਊ ਦੌਰਾਨ ਵਜ਼ੀਰ ਸਿੰਘ ਸੜਕ ’ਤੇ ਘੁੰਮ ਰਿਹਾ ਸੀ ਜਿਸ ਕਾਰਨ ਉਸ ਨੂੰ ਥਾਣੇ ਲਿਆਂਦਾ ਗਿਆ ਸੀ ਤੇ ਯੂਨੀਅਨ ਦੇ ਮੁੱਖ ਆਗੂਆਂ ਦੀ ਹਾਜ਼ਰੀ ਵਿੱਚ ਲਿਖਤੀ ਮੁਆਫ਼ੀਨਾਮਾ ਵੀ ਦਿੱਤਾ ਗਿਆ ਸੀ।