ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ, 30 ਅਕਤੂਬਰ
ਪਿਛਲੇ ਦਿਨੀਂ ਪਿੰਡ ਮਾਛੀਕੇ ਵਿਖੇ ਦੋ ਧਿਰਾਂ ਵਿਚਕਾਰ ਹੋਈ ਝੜਪ ਕਾਰਨ ਪਿੰਡ ਵਿੱਚ ਤਣਾਅ ਬਣਿਆ ਹੋਇਆ ਹੈ। ਦੋਨਾਂ ਧਿਰਾਂ ਦੇ ਜ਼ਖਮੀ ਵਿਅਕਤੀ ਨਿਹਾਲ ਸਿੰਘ ਵਾਲਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲੀਸ ਨੇ ਇਕ ਧਿਰ ਦੇ ਜ਼ਖਮੀ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਰਾਜਵਿੰਦਰ ਸਿੰਘ ਉਰਫ਼ ਸੋਨੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਦੂਜੀ ਧਿਰ ਦੇ ਜ਼ਖ਼ਮੀ ਵਿਅਕਤੀ ਰਾਜਵਿੰਦਰ ਸਿੰਘ ਉਰਫ਼ ਸੋਨੀ ਨੂੰ ਇਨਸਾਫ਼ ਦਿਵਾਉਣ ਲਈ ਮਾਛੀਕੇ ਵਿੱਚ ਵੱਖ ਵੱਖ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੁਲੀਸ ’ਤੇ ਦਬਾਅ ਕਾਰਨ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਗਾਏ। ਸਰਬਜੀਤ ਸਿੰਘ ਮਾਛੀਕੇ, ਸੁਖਦੇਵ ਸਿੰਘ, ਪੰਚ ਕਰਮਜੀਤ ਕੌਰ, ਪੰਚ ਤਾਰਾ ਸਿੰਘ, ਰਾਣੀ ਕੌਰ, ਅਮਰਜੀਤ ਕੌਰ, ਬਲਵਿੰਦਰ ਸਿੰਘ ਭੋਤਨਾ ਆਦਿ ਨੇ ਸੋਨੀ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਚੌਕੀ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੇ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।