ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ,24 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਥੇ ਨਹਿਰੀ ਵਿਭਾਗ ਦੇ ਨਿਗਰਾਨ ਇੰਜਨੀਅਰ ਦੇ ਦਫ਼ਤਰ ਅੱਗੇ ਲਾਇਆ ਧਰਨਾ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਕਿਸਾਨ ਆਗੂ ਮੰਗ ਕਰ ਰਹੇ ਹਨ ਕਿ ਸਤਲੁਜ ਦਰਿਆ ਵਿੱਚ ਫ਼ੈਕਟਰੀਆਂ ਤੇ ਸੀਵਰੇਜ ਦੇ ਗੰਦੇ ਪਾਣੀ ਨੂੰ ਪੈਣ ਤੋਂ ਰੋਕਿਆ ਜਾਵੇ। ਜਥੇਬੰਦੀ ਦੇ ਸੂਬਾਈ ਆਗੂ ਰਾਣਾ ਰਣਬੀਰ ਸਿੰਘ ਠੱਠਾ,ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ,ਜ਼ੋਨ ਮਮਦੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਤੇ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲਹੁਕਾ ਨੇ ਦੱਸਿਆ ਕਿ ਇਹ ਮੋਰਚਾ ਪੰਜਾਬ ਵਿਚ 19 ਥਾਵਾਂ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਾਲ ਮਿਲ ਕੇ ਲਾਇਆ ਗਿਆ ਹੈ ਤੇ ਜੇ ਸਰਕਾਰ ਨੇ ਇਹ ਮਸਲਾ ਹੱਲ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਸਤਲੁਜ ਦਰਿਆ ਵਿਚ ਫ਼ੈਕਟਰੀਆਂ ਤੇ ਸੀਵਰੇਜ ਦਾ ਗੰਦਾ ਪਾਣੀ ਪ੍ਰਸ਼ਾਸਨ ਤੇ ਸਰਕਾਰ ਦੀ ਮਿਲੀਭੁਗਤ ਨਾਲ ਪੈ ਰਿਹਾ ਹੈ। ਇਸ ਨਾਲ ਕਿਸਾਨ ਤੇ ਮਜ਼ਦੂਰ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਆਗੂ ਮੰਗ ਕਰ ਰਹੇ ਹਨ ਕਿ ਇਸ ਗੰਦੇ ਪਾਣੀ ਨੂੰ ਟਰੀਟਮੈਂਟ ਪਲਾਂਟ ਲਾ ਕੇ ਮੁੜ ਵਰਤੋਂ ਵਿਚ ਲਿਆਂਦਾ ਜਾਵੇ ਤੇ ਗੰਦਾ ਪਾਣੀ ਪਾਉਣ ਵਾਲੇ ਫ਼ੈਕਟਰੀ ਮਾਲਕਾਂ ਅਤੇ ਸਬੰਧਤ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।