ਖੇਤਰੀ ਪ੍ਰਤੀਨਿਧ
ਬਰਨਾਲਾ, 27 ਮਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਰਨਾਲਾ ਵੱਲੋਂ ਸੂਬਾਈ ਆਗੂ ਕਰਮਜੀਤ ਸਿੰਘ ਬੀਹਲਾ, ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਤੇ ਜਨਰਲ ਸਕੱਤਰ ਹਰਿੰਦਰ ਮੱਲ੍ਹੀਆਂ ਦੀ ਪ੍ਰਧਾਨਗੀ ਹੇਠ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ‘ਮੰਗ ਦਿਵਸ’ ਮਨਾਉਂਦਿਆਂ ਧਰਨਾ ਲਗਾ ਕੇ ਸਰਕਾਰਾਂ ਦੀਆਂ ਮੁਲਾਜ਼ਮ ਅਤੇ ਲੋਕ ਮਾਰੂ ਨੀਤੀਆਂ ਨੂੰ ਭੰਡਿਆ ਗਿਆ। ਫੈਡਰੇਸ਼ਨ ਦੇ ਸੂਬਾਈ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਸਰਕਾਰਾਂ ਦੀਆਂ ਕੋਝੀਆਂ ਤੇ ਮਾਰੂ ਨੀਤੀਆਂ ਤੋਂ ਆਮ ਲੋਕ ਭਾਰੀ ਔਖ਼ੇ ਹਨ। ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ , ਆਂਗਣਵਾੜੀ, ਆਸ਼ਾ ਵਰਕਰਾਂ ਅਤੇ ਮਿੱਡ-ਡੇਅ ਮੀਲ ਵਰਕਰਾਂ ਨੂੰ ਘੱਟੋ-ਘੱਟ 18000 ਰੁਪਏ ਉਜ਼ਰਤ ਦਿੱਤੀ ਜਾਵੇ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਇਨਕਮ ਟੈਕਸ ਦੀ ਹੱਦ 10 ਲੱਖ ਕੀਤੀ ਜਾਵੇ। ਆਗੂ ਦਰਸ਼ਨ ਚੀਮਾ ਤੇ ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਿ ਆਲ ਇੰਡੀਆ ਸਟੇਟ ਗੋਰਮਿੰਟ ਐਂਪਲਾਈਜ਼ ਫੈਡਰੇਸ਼ਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਜੰਤਰ-ਮੰਤਰ ਵਿੱਚ ਕੀਤੀ ਜਾਣ ਵਾਲੀ ਰੈਲੀ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਹੋਣਗੇ।