ਗੁਰਪ੍ਰੀਤ ਦੌਧਰ
ਅਜੀਤਵਾਲ, 19 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਨਛੱਤਰ ਸਿੰਘ ਕੋਕਰੀ ਹੇਰਾਂ ਬਲਾਕ ਜਰਨਲ ਸਕੱਤਰ ਦੀ ਪ੍ਰਧਾਨਗੀ ਹੇਠ ਗਰੀਨ ਪਾਰਕ ਕੋਕਰੀ ਕਲਾਂ ਵਿਖੇ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਨੇ ਕਿਹਾ ਕਿ ਪਿੰਡ ਕੋਕਰੀ ਕਲਾਂ ਵਿਖੇ ਮਰਹੂਮ ਸੋਹਣ ਸਿੰਘ ਦੇ ਤਿੰਨ ਪੁੱਤਰ ਭਗਵਾਨ ਸਿੰਘ, ਮਰਹੂਮ ਗੁਰਦੇਵ ਸਿੰਘ ਅਤੇ ਚਰਨ ਸਿੰਘ ਦੇ ਰਿਹਾਇਸ਼ੀ ਮਕਾਨਾਂ ’ਤੇ ਇੱਕ ਵਿਅਕਤੀ ਵੱਲੋਂ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਜ਼ਬਰੀ ਕਬਜ਼ਾ ਕਰਨ ਦੀ ਕਥਿਤ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਹਣ ਦਾ ਪਰਿਵਾਰ ਪਾਕਿਸਤਾਨ ਦੇ ਚੱਕ ਨੰਬਰ 143 ਤਹਿਸੀਲ ਪਾਕਪਟਨ ਜ਼ਿਲ੍ਹਾ ਮਿੰਟਗੁਮਰੀ ਤੋਂ ਉੱਜੜ ਕੇ ਇਧਰ ਆਇਆ ਹੈ। ਇਹ ਪਰਿਵਾਰ ਉਦੋਂ ਤੋਂ ਹੀ ਇਸ ਪਲਾਟ ਵਿੱਚ ਮਕਾਨ ਬਣਾ ਕੇ ਰਹਿ ਰਿਹਾ ਹੈ ਤੇ 1955 ਵਿੱਚ ਉਦੋਂ ਦੇ ਮਾਲ ਅਧਿਕਾਰੀ ਦੇ ਦਸਤਖਤਾਂ ਹੇਠ ਇਹ ਜਗ੍ਹਾ ਇਨ੍ਹਾਂ ਨੂੰ ਅਲਾਟ ਹੋਈ ਹੈ।
ਇਹ ਵਿਅਕਤੀ ਗ਼ਲਤ ਹੱਥਕੰਡੇ ਵਰਤ ਕੇ ਇਨ੍ਹਾਂ ਦੀ ਜਗ੍ਹਾ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਧਰਨੇ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ, ਨੌਜਵਾਨ, ਔਰਤਾਂ ਅਤੇ ਮਜ਼ਦੂਰ ਸਾਥੀ ਵੀ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਜਥੇਬੰਦੀ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਪਰ ਤਰਸੇਮ ਸੇਮਾ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਦੇ ਧਰਨੇ ਨੂੰ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਗੁਰਦੇਵ ਸਿੰਘ ਕਿਸ਼ਨਪੁਰਾ, ਹਰਮੰਦਰ ਸਿੰਘ ਡੇਮਰੂ, ਸੁਖਜਿੰਦਰ ਸਿੰਘ ਸ਼ਿੰਦਾ ਘੱਲ, ਲਖਵੀਰ ਸਿੰਘ ਚੜਿੱਕ ,ਹਰਨੇਕ ਸਿੰਘ ਡੇਮਰੂ ,ਗੁਰਚਰਨ ਸਿੰਘ ਰਾਮਾ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਜਗਜੀਤ ਸਿੰਘ ਕੋਕਰੀ ਕਲਾਂ, ਬਲਵਿੰਦਰ ਸਿੰਘ ਕੋਕਰੀ ਫੂਲਾ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਆਗੂ ਅੰਗਰੇਜ਼ ਸਿੰਘ ਮੱਦੋਕੇ ਨੇ ਸੰਬੋਧਨ ਕੀਤਾ।