ਪੱਤਰ ਪ੍ਰੇਰਕ
ਸਾਦਿਕ, 29 ਅਗਸਤ
ਬਿਜਲੀ ਕਾਮਿਆਂ ਨੇ ਪਿਛਲੇ ਦਿਨੀਂ ਪਿੰਡ ਘੁੱਦੂਵਾਲਾ ਵਿੱਚ ਐਨਫੋਰਸਮੈਂਟ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੈਕਿੰਗ ਦੌਰਾਨ ਕਿਸਾਨਾਂ ਦੇ ਖੇਤਾਂ ਵਿੱਚ ਚੱਲਦੀਆਂ ਨਾਜਾਇਜ਼ ਮੋਟਰਾਂ ਫੜ ਕੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਸਬ ਡਿਵੀਜ਼ਨ 220ਕੇਵੀ ਸਾਦਿਕ ਦੇ ਦੋ ਜੇਈ ਬਲਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਅਤੇ ਲਾਈਨਮੈਂਨ ਸ਼ਿੰਦਰਪਾਲ ਸਿੰਘ ਨੂੰ ਮੁਅੱਤਲ ਕਰਨ ਖ਼ਿਲਾਫ਼ ਇੱਥੇ ਧਰਨਾ ਸ਼ੁਰੂ ਕਰ ਦਿੱਤਾ ਹੈ। ਬਿਜਲੀ ਕਾਮਿਆਂ ਵੱਲੋਂ ਸਾਥੀਆਂ ਦੀ ਬਹਾਲੀ ਲਈ ਦੋ ਦਿਨ ਦੇ ਉਲੀਕੇ ਰੋਸ ਪ੍ਰਦਰਸ਼ਨ ਦੇ ਪਹਿਲੇ ਦਿਨ ਸਾਰਾ ਕੰਮਕਾਜ ਬੰਦ ਰੱਖਕੇ ਸਬ ਡਵੀਜ਼ਨ ਸਾਦਿਕ ਵਿਖੇ ਧਰਨਾ ਦਿੱਤਾ ਗਿਆ।
ਧਰਨੇ ਵਿੱਚ ਸ਼ਾਮਲ ਜਥੇਬੰਦੀਆਂ ਜੇ.ਈ. ਕੌਂਸਲ ,ਟੈਕਨੀਕਲ ਸਰਵਿਸ ਯੂਨੀਅਨ, ਐਂਪਲਾਈਜ਼ ਫੈਡਰੇਸ਼ਨ ਅਤੇ ਐਂਪਲਾਈਜ਼ ਫੈਡਰੇਸ਼ਨ ਏਟਕ ਦੇ ਬੁਲਾਰਿਆਂ ਨੇ ਆਖਿਆ ਕਿ ਬਿਜਲੀ ਕਾਮੇ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ ਪਰ ਮਹਿਕਮੇ ਵੱਲੋਂ ਉਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਮੁਅੱਤਲ ਕਰਕੇ ਬੇਇਨਸਾਫ਼ੀ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਨੂੰ ਜਲਦੀ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।