ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 23 ਅਪਰੈਲ
ਮੰਡੀਆਂ ਵਿੱਚ ਖ਼ਰੀਦ ਕਰਨ ਉਪਰੰਤ ਪਈ ਕਣਕ ਦੀ ਚੁਕਾਈ ਦੀ ਮੰਗ ਲਈ ਆੜ੍ਹਤੀ ਐਸੋਸੀਏਸ਼ਨ ਜ਼ੀਰਾ ਅਤੇ ਮਜ਼ਦੂਰ ਯੂਨੀਅਨ ਵੱਲੋਂ ਵੇਅਰ ਹਾਊਸ ਦਫ਼ਤਰ ਜ਼ੀਰਾ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਯੂਨੀਅਨ ਜ਼ੀਰਾ ਦੇ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਕਰੀਬ 15-20 ਦਿਨ ਤੋਂ ਖ਼ਰੀਦੀ ਹੋਈ ਕਣਕ ਦੀ ਚੁਕਾਈ ਨਾ ਹੋਣ ਕਰ ਕੇ ਕਣਕ ਨਾਲ ਭਰੇ ਗੱਟੇ ਮੰਡੀਆਂ ਵਿੱਚ ਰੁਲ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਅਤੇ ਕਣਕ ਸਰਕਾਰੀ ਗੁਦਾਮਾਂ ਵਿੱਚ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਲ ਦੀ ਚੁਕਾਈ ਦੀ ਜ਼ਿੰਮੇਵਾਰੀ ਸਬੰਧਿਤ ਠੇਕੇਦਾਰਾਂ ਦੀ ਬਣਦੀ ਹੈ, ਜੋ ਇਸ ਵੱਲ ਧਿਆਨ ਨਹੀਂ ਦੇ ਰਹੇ। ਇਸ ਕਾਰਨ ਆੜ੍ਹਤੀ ਤੇ ਮਜ਼ਦੂਰ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਚੁਕਾਈ ਜਲਦੀ ਕਰਵਾਈ ਜਾਵੇ।
ਇਸ ਸਬੰਧੀ ਵੇਅਰਹਾਊਸ ਦੇ ਮੈਨੇਜਰ ਅਜੇ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐੱਫਸੀਆਈ ਦੇ ਮਖੂ ਵਿਚ ਸਥਿਤ ਡੀਡੀ ਸਟੋਰ ਵਿੱਚ 20-22 ਮੰਡੀਆਂ ਦਾ ਮਾਲ ਲੱਗ ਰਿਹਾ ਹੈ। ਇਸ ਕਰ ਕੇ ਗੱਡੀਆਂ ਦੀ ਚੁਕਾਈ ਦੀ ਰਫ਼ਤਾਰ ਘੱਟ ਹੈ।
ਇਸ ਮੌਕੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਦਿਕ, ਖਜ਼ਾਨਚੀ ਸਤਨਾਮ ਸਿੰਘ, ਸੈਕਟਰੀ ਕੁਲਦੀਪ ਸਿੰਘ, ਨਿਰਮਲ ਸਿੰਘ ਰਾਣਾ ਤੋਂ ਇਲਾਵਾ ਆੜ੍ਹਤੀ ਬਸੰਤ ਸਿੰਘ ਧੰਜੂ, ਕੇਹਰ ਸਿੰਘ ਆੜ੍ਹਤੀ, ਪਾਲਾ ਸਿੰਘ ਸਨ੍ਹੇਰ, ਅਮਰਜੀਤ ਸਿੰਘ, ਸੰਚਿਤ ਜੈਨ, ਸਤਵੰਤ ਸਿੰਘ ਗਿੱਲ ਆੜ੍ਹਤੀ ਮੈਂਬਰ, ਅੰਗਰੇਜ਼ ਸਿੰਘ ਆੜ੍ਹਤੀ ਆਦਿ ਹਾਜ਼ਰ ਸਨ।