ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 8 ਅਗਸਤ
ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਫਾਜ਼ਿਲਕਾ ਦੀਆਂ ਵਰਕਰਾਂ ਅਤੇ ਹੈਲਪਰਾਂ ਵੱਲੋਂ ਤਿੰਨ ਮਹੀਨਿਆਂ ਦਾ ਮਾਣਭੱਤਾ ਨਾ ਮਿਲਣ ਦੇ ਰੋਸ ਵਜੋਂ ਬਲਾਕ ਪ੍ਰਧਾਨ ਸ਼ੀਲਾ ਦੇਵੀ ਦੀ ਪ੍ਰਧਾਨਗੀ ’ਚ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਧਰਨਾ ਦਿੱਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ, ਜਿਸ ’ਤੇ ਵਰਕਰਾਂ ਅਤੇ ਹੈਲਪਰਾਂ ਨੇ ਦਫ਼ਤਰ ਦੇ ਗੇਟ ’ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਆਗੂ ਰੇਸ਼ਮਾ ਰਾਣੀ, ਸਰਕਲ ਪ੍ਰਧਾਨ ਸੀਤਾ ਰਾਣੀ ਅਤੇ ਸੁਮਿੱਤਰਾ ਰਾਣੀ ਨੇ ਦੱਸਿਆ ਕਿ ਫਾਜ਼ਿਲਕਾ ’ਚ ਪਿਛਲੇ ਲਗਭਗ 15 ਵਰ੍ਹਿਆਂ ਤੋਂ ਕੋਈ ਵੀ ਰੈਗੂਲਰ ਸੀ.ਡੀ.ਪੀ.ਓ. ਨਹੀਂ ਆ ਰਿਹਾ। ਉਨ੍ਹਾਂ ਮੰਗ ਕੀਤੀ ਕਿ ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਮਾਣਭੱਤਾ ਦਿੱਤਾ ਜਾਵੇ ਤੇ ਅਜਿਹਾ ਨਾ ਹੋਣ ’ਤੇ ਉਹ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਘਰ ਰੱਖੜੀ ਲੈ ਕੇ ਪਹੁੰਚਣਗੀਆਂ ਅਤੇ ਧਰਨਾ ਦੇਣਗੀਆਂ।